PM ਦੇ 4 ਘੰਟਿਆਂ ਦੇ ਦੌਰੇ ਲਈ 23 ਕਰੋੜ ਰੁਪਏ ਖਰਚੇਗੀ ਮੱਧ ਪ੍ਰਦੇਸ਼ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

15 ਨਵੰਬਰ ਨੂੰ ਮੱਧ ਪ੍ਰਦੇਸ਼ ਪਹੁੰਚਣਗੇ PM ਮੋਦੀ

File photo

 

ਭੋਪਾਲ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵਾਨ ਬਿਰਸਾ ਮੁੰਡਾ ਆਦਿਵਾਸੀ ਸੰਮੇਲਨ 'ਚ ਸ਼ਾਮਲ ਹੋਣ ਲਈ 15 ਨਵੰਬਰ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਆ ਰਹੇ ਹਨ।  ਦੱਸ ਦੇਈਏ ਕਿ ਪੀਐਮ ਮੋਦੀ ਭੋਪਾਲ ਵਿੱਚ ਚਾਰ ਘੰਟੇ ਰੁਕਣਗੇ। ਇਸ ਦੇ ਨਾਲ ਹੀ ਜੰਬੋਰੀ ਮੈਦਾਨ 'ਚ ਹੋਣ ਵਾਲੇ ਸਮਾਗਮ 'ਚ ਪ੍ਰਧਾਨ ਮੰਤਰੀ 1 ਘੰਟਾ 15 ਮਿੰਟ ਤੱਕ ਮੰਚ 'ਤੇ ਰਹਿਣਗੇ। ਸੂਬਾ ਸਰਕਾਰ ਇਨ੍ਹਾਂ ਪ੍ਰੋਗਰਾਮਾਂ 'ਤੇ 23 ਕਰੋੜ ਰੁਪਏ ਖਰਚ ਕਰੇਗੀ। ਆਦਿਵਾਸੀਆਂ ਦੇ ਬੈਠਣ ਲਈ ਵੱਡੇ ਪੰਡਾਲ ਵੀ ਬਣਾਏ ਗਏ ਹਨ।

 

ਉਨ੍ਹਾਂ ਵਿੱਚ ਪਰਦੇ ਲਾਏ ਜਾ ਰਹੇ ਹਨ। ਇੱਕ ਹਫ਼ਤੇ ਤੋਂ 300 ਤੋਂ ਵੱਧ ਮਜ਼ਦੂਰ ਇਸ ਕੰਮ ਵਿੱਚ ਲੱਗੇ ਹੋਏ ਹਨ। ਸੂਬਾ ਸਰਕਾਰ ਵੱਲੋਂ ਇਸ ਪ੍ਰੋਗਰਾਮ ਲਈ 16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਵਿੱਚੋਂ 13 ਕਰੋੜ ਰੁਪਏ ਸਿਰਫ਼ ਜਮਬੋਰੀ ਮੈਦਾਨ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਹੀ ਖਰਚ ਕੀਤੇ ਜਾਣਗੇ। ਮੁੱਖ ਮੰਚ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਇਲਾਵਾ ਕੁਝ ਹੀ ਆਗੂ ਬੈਠਣਗੇ।

 

 

ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰਬੰਧਾਂ ਵਿੱਚ 30 ਸੀਨੀਅਰ ਅਧਿਕਾਰੀਆਂ ਸਮੇਤ 5000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਭੋਪਾਲ ਪੁਲਿਸ ਨੇ ਹੋਟਲਾਂ ਵਿੱਚ ਠਹਿਰੇ ਬਾਹਰੀ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਇਕ ਟੀਮ ਬਣਾ ਕੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, 8 ਦਿਨਾਂ 'ਚ ਪੁਲਿਸ ਨੇ 6000 ਤੋਂ ਵੱਧ ਕਿਰਾਏਦਾਰ ਲੱਭ ਲਏ ਹਨ।

 

ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਹੈ ਕਿ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਬਾਹਰੋਂ ਵੀ ਪੁਲਿਸ ਫੋਰਸ ਹੋਵੇਗੀ। ਸਖ਼ਤ ਪ੍ਰਬੰਧ ਕੀਤੇ ਜਾਣਗੇ। ਮੁੱਖ ਮੰਤਰੀ ਸ਼ਾਮ 5 ਵਜੇ ਸਮਾਗਮ ਵਾਲੀ ਥਾਂ ਦਾ ਮੁਆਇਨਾ ਵੀ ਕਰਨਗੇ। ਆਪਣੇ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਦੇਸ਼ ਦੇ ਪਹਿਲੇ ਪੀਪੀਪੀ ਮਾਡਲ ਹਬੀਬਗੰਜ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ।