ਡਾਕਟਰਾਂ ਦੀ ਲਾਪਰਵਾਹੀ ਨਾਲ ਗਈ ਮਹਿਲਾ ਦੀ ਜਾਨ, ਚੜਾਇਆ ਗਲਤ ਬਲੱਡ ਗਰੁੱਪ ਦਾ ਖੂਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਨੀਮੀਆ ਤੋਂ ਪੀੜਤ ਸੀ ਮ੍ਰਿਤਕ

File photo

 

ਭੁਵਨੇਸ਼ਵਰ: ਉੜੀਸਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਇੱਕ ਹਸਪਤਾਲ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਹਸਪਤਾਲ ਦੇ ਸਟਾਫ ਨੇ ਕਥਿਤ ਤੌਰ 'ਤੇ 25 ਸਾਲਾ ਲੜਕੀ ਨੂੰ ਗਲਤ ਗਰੁੱਪ ਦਾ ਖੂਨ ਚੜਾ ਦਿੱਤਾ। ਇਸ ਕਾਰਨ ਉਸਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੁਤਰਾ ਦੇ ਬੁਡਾਕਾਟਾ ਪਿੰਡ ਦੀ ਰਹਿਣ ਵਾਲੀ ਸਰੋਜਨੀ ਨਾਮ ਦੀ ਲੜਕੀ ਨੂੰ ਵੀਰਵਾਰ ਨੂੰ ਰਾਊਰਕੇਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

 

 

ਮਰੀਜ਼ ਅਨੀਮੀਆ ਤੋਂ ਪੀੜਤ ਸੀ ਅਤੇ ਉਸ ਨੂੰ ਖੂਨ ਚੜ੍ਹਾਉਣਾ ਪਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਔਰਤ ਨੂੰ ਗਲਤ ਬਲੱਡ ਗਰੁੱਪ ਨਾਲ ਚੜਾਇਆ ਗਿਆ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਕ ਰਿਸ਼ਤੇਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਰੋਜਨੀ ਦਾ ਬਲੱਡ ਗਰੁੱਪ ਓ ਪਾਜ਼ੀਟਿਵ ਹੈ ਪਰ ਉਸ ਨੂੰ ਬੀ ਪਾਜ਼ੇਟਿਵ ਗਰੁੱਪ ਦਾ ਖੂਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਅਗਲੇਰੀ ਜਾਂਚ ਲਈ ਰਖਵਾ ਦਿੱਤਾ ਗਿਆ ਹੈ।

 

 

ਹਸਪਤਾਲ ਨੇ ਮਾਮਲੇ ਦੀ ਜਾਂਚ ਲਈ ਇੱਕ ਕਮਿਸ਼ਨ ਦਾ ਗਠਨ ਵੀ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਹਸਪਤਾਲ ਦੇ ਸੁਪਰਡੈਂਟ ਜਗਦੀਸ਼ਚੰਦਰ ਬੇਹਰਾ ਨੇ ਲਾਪਰਵਾਹੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੂਨ ਦਾ ਗਰੁੱਪ ਗਲਤ ਹੁੰਦਾ ਤਾਂ 10-15 ਮਿੰਟਾਂ ਵਿੱਚ ਮਰੀਜ਼ ਦੀ ਮੌਤ ਹੋ ਜਾਂਦੀ।