Delhi Air pollution news : ਭਾਜਪਾ ਦੇ ਲੋਕਾਂ ਨੇ ਜਨਤਾ ਨੂੰ ਪਟਾਕੇ ਚਲਾਉਣ ਲਈ ਉਕਸਾਇਆ: ਦਿੱਲੀ ਦੇ ਮੰਤਰੀ ਗੋਪਾਲ ਰਾਏ
ਪਾਬੰਦੀ ਦੇ ਬਾਵਜੂਦ ਦਿੱਲੀ ’ਚ ਹੋਈ ਜੰਮ ਕੇ ਹੋਈ ਆਤਿਸ਼ਬਾਜ਼ੀ, ਹਵਾ ਕੁਆਲਿਟੀ ਦਾ ਬੁਰਾ ਹਾਲ
Delhi Air pollution news : ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੁੜੇ ਲੋਕਾਂ ਨੇ ਦੀਵਾਲੀ ’ਤੇ ਆਮ ਲੋਕਾਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਲਈ ਉਕਸਾਇਆ, ਜਿਸ ਕਾਰਨ ਰਾਜਧਾਨੀ ’ਚ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ’ਚ ਰਾਤੋ-ਰਾਤ 100 ਤੋਂ ਵੱਧ ਅੰਕ ਵਧ ਗਈ ਹੈ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ’ਚ ਆਤਿਸ਼ਬਾਜ਼ੀ ਲਈ ਪਟਾਕੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਸੂਬਿਆਂ ਦੀ ਪੁਲੀਸ ਸਮੇਤ ਕੁਝ ਲੋਕਾਂ ਨੇ ਪਟਾਕਿਆਂ ਨੂੰ ਰਾਜਧਾਨੀ ’ਚ ਲਿਜਾਣ ਦਿਤਾ।
ਰਾਏ ਨੇ ਕਿਹਾ, ‘‘ਜੇਕਰ ਇਨ੍ਹਾਂ ਸੂਬਿਆਂ ਨੇ ਪਟਾਕਿਆਂ ’ਤੇ ਪਾਬੰਦੀ ਲਾਗੂ ਕੀਤੀ ਹੁੰਦੀ ਅਤੇ ਉਨ੍ਹਾਂ ਦੀ ਪੁਲਿਸ ਨੇ ਵੀ ਅਪਣੀ ਡਿਊਟੀ ਸਹੀ ਢੰਗ ਨਾਲ ਨਿਭਾਈ ਹੁੰਦੀ ਤਾਂ ਦਿੱਲੀ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ।’’ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਚੌਥੇ ਪੜਾਅ ਤਹਿਤ ਚੁੱਕੇ ਸਖ਼ਤ ਕਦਮ, ਜਿਸ ’ਚ ਨਿਰਮਾਣ ਕਾਰਜਾਂ ’ਤੇ ਪਾਬੰਦੀ ਅਤੇ ਦਿੱਲੀ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਸ਼ਾਮਲ ਹੈ, ਅਗਲੇ ਹੁਕਮਾਂ ਤਕ ਲਾਗੂ ਰਹਿਣਗੇ। ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਧੂੜ ਪ੍ਰਦੂਸ਼ਣ ਨੂੰ ਰੋਕਣ ਲਈ ਅਪਣੀ ਮੁਹਿੰਮ ਨੂੰ 30 ਨਵੰਬਰ ਤਕ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ 14 ਨਵੰਬਰ ਤੋਂ ਕੂੜੇ ਨੂੰ ਖੁੱਲ੍ਹੇ ’ਚ ਸਾੜਨ ਵਿਰੁਧ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਸ਼ੁਰੂ ਕੀਤੀ ਹੈ।
ਮੰਤਰੀ ਨੇ ਕਿਹਾ ਕਿ ਇਹ ਕਦਮ ਉਨ੍ਹਾਂ ਮਾਹਰਾਂ ਦੇ ਸੁਝਾਵਾਂ ਦੇ ਆਧਾਰ ’ਤੇ ਚੁੱਕੇ ਗਏ ਹਨ ਜਿਨ੍ਹਾਂ ਨੇ ਮੌਸਮ ਨਾਲ ਸਬੰਧਤ ਸਥਿਤੀ ਦੇ ਵਿਗੜਨ ਦੀ ਭਵਿੱਖਬਾਣੀ ਕੀਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ’ਚ ਹਵਾ ’ਚ ਪ੍ਰਦੂਸ਼ਕ ਫੈਲ ਸਕਦੇ ਹਨ। ਰਾਏ ਨੇ ਇਹ ਵੀ ਕਿਹਾ ਕਿ ‘ਕੱਲੀ-ਜੋਟਾ’ ਕਾਰ ਸਕੀਮ ਨੂੰ ਲਾਗੂ ਕਰਨ ਬਾਰੇ ਫੈਸਲਾ ਉਦੋਂ ਹੀ ਲਿਆ ਜਾਵੇਗਾ ਜਦੋਂ ਹਵਾ ਦੀ ਕੁਆਲਿਟਂ ‘ਗੰਭੀਰ ਤੋਂ ਉੱਪਰ’ ਸ਼੍ਰੇਣੀ (450 ਤੋਂ ਉੱਪਰ ਏ.ਕਿਊ.ਆਈ.) ’ਤੇ ਪਹੁੰਚ ਜਾਵੇਗੀ।
ਦਿੱਲੀ ’ਚ ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਦਰਜ ਕੀਤਾ ਗਿਆ ਅਤੇ ਦਿੱਲੀ ’ਚ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਏ ਜਾਣ ਕਾਰਨ ਸੋਮਵਾਰ ਸਵੇਰੇ ਧੂੰਏ ਭਰੀ ਧੁੰਦ ਛਾਈ ਰਹੀ। ਪਿਛਲੇ ਤਿੰਨ ਸਾਲਾਂ ਦੀ ਤਰ੍ਹਾਂ, ਦਿੱਲੀ ਸਰਕਾਰ ਨੇ ਸਤੰਬਰ ’ਚ ਸ਼ਹਿਰ ’ਚ ਪਟਾਕਿਆਂ ਦੇ ਨਿਰਮਾਣ, ਸਟੋਰੇਜ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਦਾ ਐਲਾਨ ਕੀਤਾ ਸੀ। ਐਤਵਾਰ ਨੂੰ ਦੀਵਾਲੀ ਦੀ ਸਵੇਰ ਸ਼ਹਿਰ ਨੇ ਅੱਠ ਸਾਲਾਂ ’ਚ ਸਭ ਤੋਂ ਸਾਫ਼ ਹਵਾ ਦਰਜ ਕੀਤੀ। ਇਸ ਦੌਰਾਨ ਸ਼ਾਮ 4:24 ਘੰਟੇ ਦੀ ਔਸਤ ਏਅਰ ਏ.ਕਿਊ.ਆਈ. 218 ਦਰਜ ਕੀਤੀ ਗਈ। ਹਾਲਾਂਕਿ, ਐਤਵਾਰ ਦੇਰ ਰਾਤ ਤੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਕਾਰਨ ਘੱਟ ਤਾਪਮਾਨ ਦੇ ਵਿਚਕਾਰ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਿਆ।
ਆਤਿਸ਼ਬਾਜ਼ੀ ਕਾਰਨ ਓਖਲਾ ਅਤੇ ਜਹਾਂਗੀਰਪੁਰੀ ਸਮੇਤ ਰਾਜਧਾਨੀ ਦੇ ਕਈ ਸਥਾਨਾਂ ’ਤੇ ਪੀ.ਐਮ.2.5 ਦਾ ਗਾੜ੍ਹਾਪਣ ਸਵੇਰੇ 1,000 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਸੀ।
(For more news apart from Delhi Air pollution news, stay tuned to Rozana Spokesman)