Delhi ’ਚ ਧਮਾਕਾ ਕਰਨ ਵਾਲੇ ਦੀ ਹੋਈ ਪਹਿਚਾਣ, ਡਾ. ਉਮਰ ਹੀ ਚਲਾ ਰਿਹਾ ਸੀ ਆਈ-20 ਕਾਰ
ਮਾਂ ਅਤੇ ਭਰਾ ਦੇ ਨਾਲ ਮੈਚ ਹੋਇਆ ਡਾ. ਉਮਰ ਦਾ ਡੀ.ਐਨ.ਏ.
ਨਵੀਂ ਦਿੱਲੀ : ਦਿੱਲੀ ਧਮਾਕਾ ਮਾਮਲੇ ਨਾਲ ਜੁੜੀਆਂ ਹਰ ਰੋਜ਼ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਧਮਾਕਾ ਕਰਨ ਵਾਲੇ ਸਖਸ਼ ਦੀ ਪਹਿਚਾਣ ਹੋ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੌਰਾਨ ਵਰਤੀ ਗਈ ਆਈ-20 ਕਾਰ ਨੂੰ ਡਾ. ਉਮਰ ਉਨ ਨਬੀ ਹੀ ਚਲਾ ਰਿਹਾ ਸੀ। ਡਾ. ਉਮਰ ਦਾ ਡੀ.ਐਨ.ਏ. ਸੈਂਪਲ ਉਸ ਦੀ ਮਾਂ ਅਤੇ ਭਰਾ ਨਾਲ 100 ਫ਼ੀ ਸਦੀ ਮੈਚ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਧਮਾਕੇ ਤੋਂ ਬਾਅਦ ਕਾਰ ’ਚੋਂ ਮਿਲੀਆਂ ਹੱਡੀਆਂ, ਦੰਦਾਂ ਅਤੇ ਕੱਪੜਿਆਂ ਦੇ ਟੁਕੜਿਆਂ ਨਾਲ ਡੀ.ਐਨ.ਏ. ਮੈਚ ਕੀਤਾ ਗਿਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡਾ. ਉਮਰ ਤੁਰਕੀ ਦੇ ਅੰਕਾਰਾ ’ਚ ਬੈਠੇ ਆਪਣੇ ਹੈਂਡਲਰ ਦੇ ਸੰਪਰਕ ’ਚ ਸੀ, ਜਿਸ ਦਾ ਕੋਡਨੇਮ ਯੂਕਾਸਾ ਸੀ।
ਉਮਰ ਦੀ ਜ਼ਿੰਦਗੀ ਰਹੱਸ ਨਾਲ ਭਰੀ ਹੋਈ ਸੀ। ਪਰਿਵਾਰ ਤੋਂ ਮਹੀਨਿਆਂ ਤੱਕ ਦੂਰੀ, ਫੋਨ ਬੰਦ ਰੱਖਣ ਅਤੇ ਵਾਰ-ਵਾਰ ਗਾਇਬ ਹੋਣਾ ਉਸ ਦੀ ਆਦਤ ਸੀ। ਸੂਤਰਾਂ ਅਨੁਸਾਰ ਉਮਰ ਸਾਰਿਆਂ ਨੂੰ ਹਮੇਸ਼ਾ ਇਹੀ ਕਹਿੰਦਾ ਸੀ ਕਿ ਉਹ ਜ਼ਰੂਰੀ ਕੰਮ ਕਰ ਰਿਹਾ ਹੈ ਅਤੇ ਉਸ ਨੂੰ ਡਿਸਟਰਬ ਨਾ ਕੀਤਾ ਜਾਵੇ। ਉਸ ਨੇ ਸੋਮਵਾਰ ਨੂੰ ਘਰ ਆਉਣ ਦਾ ਵਾਅਦਾ ਕੀਤਾ ਸੀ ਜਦਕਿ ਉਸ ਤੋਂ ਪਹਿਲਾਂ ਹੀ ਉਸ ਨੇ ਰਾਜਧਾਨੀ ਦਿੱਲੀ ਨੂੰ ਦਹਿਲਾ ਦਿੱਤਾ।
ਪਰਿਵਾਰ ਦਾ ਕਹਿਣਾ ਹੈ ਕਿ ਉਮਰ ਪੜਾਕੂ ਅਤੇ ਸ਼ਾਂਤ ਨੌਜਵਾਨ ਸੀ ਅਤੇ ਉਸ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਉਹ ਜਦੋਂ ਵੀ ਘਰ ਆਉਂਦਾ ਸੀ ਤਾਂ ਬੱਚਿਆਂ ਦੇ ਨਾਲ ਕ੍ਰਿਕਟ ਜ਼ਰੂਰ ਖੇਡਦਾ ਸੀ ਅਤੇ ਅਸੀਂ ਉਸ ਨੂੰ ਪੜ੍ਹਾਉਣ ਲਈ ਲਈ ਬਹੁਤ ਸੰਘਰਸ਼ ਕੀਤਾ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ।
ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਧਮਾਕੇ ਨੂੰ ਅੰਜ਼ਾਮ ਦੇਣ ਵਾਲਾ ਉਮਰ ਨਬੀ, ਧਮਾਕੇ ਤੋਂ ਪਹਿਲਾਂ ਕਮਲਾ ਮਾਰਕੀਟ ਥਾਣੇ ਸਥਿਤ ਇਕ ਮਸਜਿਦ ਵਿਚ ਵੀ ਗਿਆ। ਇਸ ਤੋਂ ਪਹਿਲਾਂ ਤਿੰਨ ਘੰਟੇ ਤੱਕ ਲਾਲ ਕਿਲੇ੍ਹ ਦੀ ਪਾਰਕਿੰਗ ’ਚ ਉਮਰ ਦੇ ਰਹਿਣ ਦਾ ਰਾਜ਼ ਡੂੰਘਾ ਹੁੰਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੋਏ ਧਮਾਕੇ ਵਿਚ 12 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਦਕਿ 20 ਤੋਂ ਜ਼ਿਆਦਾ ਵਿਅਕਤੀ ਇਸ ਧਮਾਕੇ ਦੌਰਾਨ ਜ਼ਖਮੀ ਹੋ ਗਏ ਸਨ।