ਪ੍ਰਦੂਸ਼ਣ ਫੈਲਾਉਣ ਕਾਰਨ ਰੇਲਵੇ 'ਤੇ ਲੱਗਾ ਪੰਜ ਲੱਖ ਰੁਪਏ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੂਰੇ ਲਾਲ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ 10 ਦਿਨਾਂ ਦੇ ਵਿਚਕਾਰ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਕੇ ਇਸ ਦੀ ਰੀਪੋਰਟ ਉਹਨਾਂ ਨੂੰ ਸੌਂਪੀ ਜਾਵੇ।  

Central Pollution Control Board

ਨਵੀਂ ਦਿੱਲੀ, ( ਭਾਸ਼ਾ ) : ਨਵੀਂ ਦਿੱਲੀ ਵਿਖੇ ਪ੍ਰਦੂਸ਼ਣ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਦੀ ਰੋਕਥਾਮ ਲਈ ਸਮੇਂ-ਸਮੇਂ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਾਤਾਵਰਣ ਅਤੇ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਚੇਅਰਮੈਨ ਭੂਰੇ ਲਾਲ ਨੇ ਆਨੰਦ ਵਿਹਾਰ ਅਤੇ ਕੌਸ਼ਾਂਬੀ ਬੱਸ ਅੱਡੇ ਦਾ ਨਿਰੀਖਣ ਕੀਤਾ ਅਤੇ ਪ੍ਰਦੂਸ਼ਣ ਫੈਲਾਉਣ ਦੇ ਕਾਰਨਾਂ ਬਾਰੇ ਪਤਾ ਲਗਾਇਆ। ਇਸ ਦੌਰਾਨ ਉਹਨਾਂ ਨੇ ਪ੍ਰਦੂਸ਼ਣ ਫੈਲਾਉਣ ਕਾਰਨ ਰੇਲਵੇ 'ਤੇ ਪੰਜ ਲੱਖ ਰੁਪਏ ਦੇ ਜੁਰਮਾਨੇ ਦਾ ਹੁਕਮ ਦਿਤਾ। ਚੇਅਰਮੈਨ ਨੂੰ ਆਨੰਦ ਵਿਹਾਰ ਬੱਸ ਅੱਡੇ ਦੇ ਕੋਲ ਰੇਲਵੇ ਵੱਲੋਂ ਬਣਾਈ ਗਈ

ਨਵੀਂ ਸੜਕ 'ਤੇ  ਧੂੜ-ਮਿੱਟੀ ਅਤੇ ਥਾਂ-ਥਾਂ 'ਤੇ ਕੂੜਾ ਪਿਆ ਹੋਇਆ ਮਿਲਿਆ। ਰੇਲਵੇ ਵਿਭਾਗ ਵੱਲੋਂ ਨਿਰੀਖਣ ਦੌਰਾਨ ਕਿਸੇ ਵੀ ਅਧਿਕਾਰੀ ਵੱਲੋਂ ਨਾ ਆਉਣ 'ਤੇ ਚੇਅਰਮੈਨ ਭੜਕ ਉੱਠੇ। ਉਹਨਾਂ ਕਿਹਾ ਕਿ ਦਿੱਲੀ ਪ੍ਰਦੂਸ਼ਣ ਨਾਲ ਜੂਝ ਰਹੀ ਹੈ ਅਤੇ ਰੇਲਵੇ ਵਿਭਾਗ ਨੂੰ ਇਸ ਨਾਲ ਕੋਈ ਅਸਰ ਨਹੀਂ ਪੈ ਰਿਹਾ। ਉਹਨਾਂ ਕੇਂਦਰੀ ਦਿੱਲੀ ਪ੍ਰਦੂਸ਼ਣ ਨਿਯੰਤਰਣ ਕਮੇਟੀ ਨੂੰ ਹੁਕਮ ਦਿਤਾ ਕਿ ਪ੍ਰਦੂਸ਼ਣ ਫੈਲਾਉਣ ਲਈ ਰੇਲਵੇ 'ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇ। ਪਟਪੜਗੰਜ ਦੇ ਉਦਯੋਗਪਤੀ ਐਸਕੇ ਮਹੇਸ਼ਵਰੀ ਨੇ ਭੂਰੇ ਲਾਲ ਨੂੰ ਦੱਸਿਆ

ਕਿ ਪ੍ਰਦੂਸ਼ਣ ਦਾ ਵੱਡਾ ਕਾਰਨ ਆਨੰਦ ਵਿਹਾਰ ਬੱਸ ਅੱਡੇ ਅਤੇ ਉਸ ਦੇ ਨੇੜੇ ਕੀਤੀ ਗਈ ਗਲਤ ਯੋਜਨਾ ਹੈ। ਯੋਜਨਾ ਤਿਆਰ ਕਰਨ ਵੇਲੇ ਕਈ ਸਰਕਾਰੀ ਵਿਭਾਗਾਂ ਨੇ ਅਪਣੀ ਮਰਜ਼ੀ ਮੁਤਾਬਕ ਕੰਮ ਕੀਤਾ ਅਤੇ ਕਿਸੇ ਵੀ ਵਿਭਾਗ ਦਾ ਆਪਸ ਵਿਚ ਕੋਈ ਤਾਲਮੇਲ ਨਹੀਂ ਹੈ। ਰੇਹੜੀ ਵਾਲੇ ਪਟੜੀਆਂ ਦੇ ਨੇੜੇ ਰੇਹੜੀਆਂ ਲਗਾਉਂਦੇ ਹਨ। ਦੂਜੇ ਪਾਸੇ ਆਨੰਦ ਵਿਹਾਰ ਬੱਸ ਅੱਡੇ ਦੇ ਕੋਲ ਜਿਹੜੀ ਨਵੀਂ ਸੜਕ ਬਣੀ ਹੈ ਉਸ ਨੂੰ ਰੇਲਵੇ ਨੇ ਬੰਦ ਕੀਤਾ ਹੋਇਆ ਹੈ।

ਜਿਸ ਕਾਰਨ ਬੱਸ ਅੱਡੇ ਦੇ ਪੁਰਾਣੇ ਗੇਟ 'ਤੇ ਬੱਸਾਂ ਦਾ ਜਾਮ ਲਗਾ ਰਹਿੰਦਾ ਹੈ। ਇਸ ਨਾਲ ਪ੍ਰਦੂਸ਼ਣ ਘੱਟ ਨਹੀਂ ਹੋ ਰਿਹਾ।,ਸਗੋਂ ਵਧਦਾ ਜਾ ਰਿਹਾ ਹੈ। ਸਮੱਸਿਆ ਸੁਣਨ ਤੋਂ ਬਾਅਦ ਭੂਰੇ ਲਾਲ ਨੇ ਆਪ ਜਾ ਕੇ ਇਸ ਸਮੱਸਿਆ ਨੂੰ ਦੇਖਿਆ ਅਤੇ ਸਬੰਧਤ ਸਾਰੇ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਵਿਭਾਗਾਂ ਨੂੰ ਕਿਹਾ ਕਿ 10 ਦਿਨਾਂ ਦੇ ਵਿਚਕਾਰ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਕੇ ਇਸ ਦੀ ਰੀਪੋਰਟ ਉਹਨਾਂ ਨੂੰ ਸੌਂਪੀ ਜਾਵੇ।