ਚੋਣ ਨਤੀਜਿਆਂ ਤੋਂ 'ਮੋਦੀ ਦਾ ਜਾਦੂ' ਵਾਲੀ ਧਾਰਣਾ ਖ਼ਤਮ ਹੋ ਗਈ : ਯਸ਼ਵੰਤ ਸਿਨਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਨੇ ਕਿਹਾ ਕਿ ਤਿੰਨ ਅਹਿਮ ਰਾਜਾਂ ਦੇ ਚੋਣ ਨਤੀਜਿਆਂ ਨੇ 'ਮੋਦੀ ਦੇ ਜਾਦੂ ਦੀ ਧਾਰਣਾ' ਖ਼ਤਮ ਕਰ ਦਿਤੀ ਹੈ........

Yashwant Sinha

ਕੋਲਕਾਤਾ  : ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਨੇ ਕਿਹਾ ਕਿ ਤਿੰਨ ਅਹਿਮ ਰਾਜਾਂ ਦੇ ਚੋਣ ਨਤੀਜਿਆਂ ਨੇ 'ਮੋਦੀ ਦੇ ਜਾਦੂ ਦੀ ਧਾਰਣਾ' ਖ਼ਤਮ ਕਰ ਦਿਤੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਗਵਾਂ ਦਲ ਦੀ ਹਾਰ 2019 ਦੀਆਂ ਲੋਕਾਂ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਨੂੰ ਇਕਜੁਟ ਹੋਣ ਲਈ ਪ੍ਰੇਰਿਤ ਕਰੇਗੀ।
ਵਿਧਾਨ ਸਭਾ ਚੋਣਾਂ ਦੇ ਹਾਲ ਹੀ ਵਿਚ ਆਏ ਨਤੀਜਿਆਂ ਵਿਚ ਭਾਜਪਾ ਦੇ ਹੱਥੋਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਤਿੰਨੇ ਅਹਿਮ ਰਾਜ਼ ਨਿਕਲ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੇ ਆਲੋਚਕ ਮੰਨੇ ਜਾਂਦੇ ਸਿਨਹਾ ਨੇ ਆਮ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਦੇ ਦੋ ਬਦਲ ਦੱਸੇ।

ਉਨ੍ਹਾਂ ਕਿਹਾ, 'ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦਾ ਰਾਸ਼ਟਰੀ ਪੱਧਰ 'ਤੇ ਚੋਣ ਮਗਰੋਂ ਦਾ ਗਠਜੋੜ ਬਣਾਇਆ ਜਾਣਾ ਚਾਹੀਦਾ ਹੈ ਤਾਕਿ ਭਾਜਪਾ ਵਿਰੋਧੀ ਵੋਟਾਂ ਵੰਡੀਆਂ ਨਾ ਜਾਣ ਅਤੇ ਭਗਵਾਂ ਦਲ ਦੇ ਹਰ ਉਮੀਦਵਾਰ ਦੀ ਟੱਕਰ ਵਿਚ ਇਕ ਉਮੀਦਵਾਰ ਉਤਾਰਿਆ ਜਾ ਸਕੇ।' ਸਿਨਹਾ ਨੇ ਕਿਹਾ, 'ਜੇ ਪਹਿਲਾ ਬਦਲ ਨਾਕਾਮ ਰਹਿੰਦਾ ਹੈ ਤਾਂ ਖੇਤਰੀ ਦਲਾਂ ਦਾ ਦੇਸ਼ਵਿਆਪੀ ਚੋਣ ਪੂਰਬਲਾ ਗਠਜੋੜ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿਚ ਸੰਭਵ ਹੋਵੇ ਤਾਂ ਕਾਂਗਰਸ ਨਾਲ ਤਾਲਮੇਲ ਵੀ ਬਿਠਾਇਆ ਜਾ ਸਕੇ।'

ਸਿਨਹਾ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਪਾਰਟੀ ਛੱਡ ਦਿਤੀ ਸੀ। ਅਟਲ ਬਿਹਾਰੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਸਿਨਹਾ ਨੇ ਕਿਹਾ, 'ਤ੍ਰਿਣਮੂਲ ਦਾ ਟੀਡੀਪੀ ਅਤੇ ਡੀਐਮਕੇ ਨਾਲ ਕੋਈ ਟਕਰਾਅ ਨਹੀਂ ਹੈ। ਇਹ ਸੰਭਾਵਨਾ ਹੈ ਕਿ ਖੇਤਰੀ ਦਲਾਂ ਨੂੰ ਭਾਜਪਾ ਦੇ ਮੁਕਾਬਲੇ ਜ਼ਿਆਦਾ ਸੀਟਾਂ ਮਿਲ ਸਕਦੀਆਂ ਹਨ। ਖੇਤਰੀ ਦਲਾਂ ਦਾ ਕਾਂਗਰਸ ਨਾਲ ਤਾਲਮੇਲ ਹੋਣਾ ਚਾਹੀਦਾ ਹੈ। ਚੋਣਾਂ ਮਗਰੋਂ ਇਹ ਸਰਕਾਰ ਦੇ ਗਠਨ ਲਈ ਇਕੱਠੇ ਹੋ ਸਕਦੇ ਹਨ।'      (ਏਜੰਸੀ)