New Delhi: ਸੜਕ ਹਾਦਸਿਆਂ ਦੇ ‘ਗੰਦੇ ਰਿਕਾਰਡ’ ਕਾਰਨ ਵਿਸ਼ਵ ਸਮਾਗਮਾਂ ’ਚ ਲੁਕਾਉਂਦਾ ਹਾਂ ਅਪਣਾ ਮੂੰਹ : ਨਿਤਿਨ ਗਡਕਰੀ
New Delhi: ਹਰ ਸਾਲ 1.7 ਲੱਖ ਤੋਂ ਵਧ ਲੋਕਾਂ ਦੀ ਹੁੰਦੀ ਹੈ ਸੜਕ ਹਾਦਸਿਆਂ ’ਚ ਮੌਤ
New Delhi : ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਸੜਕ ਹਾਦਸਿਆਂ ਨੂੰ ਲੈ ਕੇ ਭਾਰਤ ਦਾ ਰਿਕਾਰਡ ਇੰਨਾ ‘ਗੰਦਾ’ ਹੈ ਕਿ ਉਨ੍ਹਾਂ ਨੂੰ ਵਿਸ਼ਵ ਸਮਾਗਮਾਂ ’ਚ ਮੂੰਹ ਲੁਕਾਉਣਾ ਪੈਂਦਾ ਹੈ। ਉਨ੍ਹਾਂ ਸਦਨ ’ਚ ਪ੍ਰਸ਼ਨਕਾਲ ਦੌਰਾਨ ਪੂਰਕ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸੜਕ ਹਾਦਸਿਆਂ ’ਚ ਕੋਈ ਕਮੀ ਨਹੀਂ ਆਈ ਸਗੋਂ ਇਸ ’ਚ ਵਾਧਾ ਹੋ ਗਿਆ। ਗਾਡਕਰੀ ਨੇ ਕਿਹਾ,’’ਜਦੋਂ ਤੱਕ ਸਮਾਜ ਦਾ ਸਹਿਯੋਗ ਨਹੀਂ ਮਿਲੇਗਾ, ਮਨੁੱਖੀ ਰਵੱਈਆ ਨਹੀਂ ਬਦਲੇਗਾ ਅਤੇ ਕਾਨੂੰਨ ਦਾ ਡਰ ਨਹੀਂ ਹੋਵੇਗਾ, ਉਦੋਂ ਤੱਕ ਸੜਕ ਹਾਦਸਿਆਂ ’ਤੇ ਰੋਕ ਨਹੀਂ ਲੱਗੇਗੀ।’’ ਉਨ੍ਹਾਂ ਅਨੁਸਾਰ, ਦੇਸ਼ ’ਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਹਰ ਸਾਲ 1.7 ਲੱਖ ਤੋਂ ਵੱਧ ਲੋਕਾਂ ਦੀ ਮੌਤ ਅਜਿਹੇ ਹਾਦਸਿਆਂ ’ਚ ਹੋ ਜਾਂਦੀ ਹੈ। ਗਡਕਰੀ ਨੇ ਕਿਹਾ,‘‘ਇੰਨੇ ਲੋਕ ਨਾ ਲੜਾਈ ’ਚ ਮਰਦੇ ਹਨ, ਨਾ ਕੋਰੋਨਾ ’ਚ ਮਰਦੇ ਹਨ ਅਤੇ ਨਾ ਹੀ ਦੰਗਿਆਂ ’ਚ ਮਰਦੇ ਹਨ।’’
ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਣਾਲੀ ’ਚ ਸੁਧਾਰ ਦੀ ਲੋੜ
ਕੇਂਦਰੀ ਮੰਤਰੀ ਨੇ ਭਾਰਤ ’ਚ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਣਾਲੀ ’ਚ ਸੁਧਾਰ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ,‘‘ਦੁਨੀਆ ’ਚ ਜਿੱਥੇ ਆਸਾਨੀ ਨਾਲ ਡਰਾਈਵਿੰਗ ਲਾਇਸੈਂਸ ਮਿਲਦਾ ਹੈ, ਉਸ ਦਾ ਦੇਸ਼ ਦਾ ਨਾਂ ਭਾਰਤ ਹੈ। ਅਸੀਂ ਇਸ ’ਚ ਸੁਧਾਰ ਕਰ ਰਹੇ ਹਾਂ।’’ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਸੜਕ ਹਾਦਸੇ ਰੋਕਣ ਦੀ ਕੋਸ਼ਿਸ਼ ਕਰਨ ਅਤੇ ਸਮਾਜ ਨੂੰ ਜਾਗਰੁਕ ਕਰਨ ਦਾ ਕੰਮ ਕਰਨ।