Rajya Sabha: ਰਾਜ ਸਭਾ 'ਚ ਜਗਦੀਪ ਧਨਖੜ ਤੇ ਮਲਿਕਾਰਜੁਨ ਵਿਚਾਲੇ ਹੋਈ ਤਿੱਖੀ ਬਹਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

Rajya Sabha: ਧਨਖੜ ਬੋਲੇ, ਕਿਸਾਨ ਦਾ ਪੁੱਤ ਹਾਂ, ਮਰ ਜਾਵਾਂਗਾ ਪਰ ਝੁਕਾਂਗਾ ਨਹੀਂ

Heated debate between Jagdeep Dhankhar and Malikarjun in Rajya Sabha

 

Rajya Sabha: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਰਾਜ ਸਭਾ ‘ਚ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਲੈ ਕੇ ਰਾਜ ਸਭਾ ‘ਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। 

ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ’ਤੇ ਚੇਅਰਮੈਨ ਜਗਦੀਪ ਧਨਖੜ ਅਤੇ ਮਲਿਕਾਰਜੁਨ ਖੜਗੇ ਵਿਚਾਲੇ ਤਿੱਖੀ ਬਹਿਸ ਹੋਈ। ਜਦੋਂ ਪ੍ਰਮੋਦ ਤਿਵਾੜੀ ਰਾਜ ਸਭਾ ਵਿਚ ਬੋਲ ਰਹੇ ਸਨ ਤਾਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਭੜਕ ਗਏ। ਉਨ੍ਹਾਂ ਪ੍ਰਮੋਦ ਤਿਵਾੜੀ ਨੂੰ ਟੋਕ ਕੇ ਵਿਰੋਧੀ ਧਿਰ ਉੱਤੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਉਹ ਕਿਸਾਨ ਦਾ ਪੁੱਤਰ ਹੈ, ਮਰ ਜਾਵਾਂਗਾ ਪਰ ਝੁਕਾਂਗਾ ਨਹੀਂ। 

ਦਰਅਸਲ ਰਾਜ ਸਭਾ ‘ਚ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਅਤੇ ਚੇਅਰਮੈਨ ਜਗਦੀਪ ਧਨਖੜ ਵਿਚਾਲੇ ਜ਼ੋਰਦਾਰ ਬਹਿਸ ਸ਼ੁਰੂ ਹੋ ਗਈ। ਜਦੋਂ ਪ੍ਰਮੋਦ ਤਿਵਾੜੀ ਨੇ ਬੇਭਰੋਸਗੀ ਮਤੇ ਦਾ ਜ਼ਿਕਰ ਕੀਤਾ ਤਾਂ ਇਸ ’ਤੇ ਜਗਦੀਪ ਧਨਖੜ ਭੜਕ ਗਏ। 

ਇਸ ਦੌਰਾਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, “ਤੁਸੀਂ (ਭਾਜਪਾ) ਮੈਂਬਰਾਂ ਨੂੰ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਵਿਰੁਧ ਬੋਲਣ ਲਈ ਉਤਸ਼ਾਹਿਤ ਕਰ ਰਹੇ ਹੋ… ਮੈਂ ਵੀ ਇੱਕ ਕਿਸਾਨ-ਮਜ਼ਦੂਰ ਦਾ ਪੁੱਤਰ ਹਾਂ। ਮੈਂ ਤੁਹਾਡੇ ਨਾਲੋਂ ਵੱਧ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ... ਤੁਸੀਂ ਸਾਡੀ ਪਾਰਟੀ ਦੇ ਆਗੂਆਂ ਦਾ ਅਪਮਾਨ ਕਰ ਰਹੇ ਹੋ, ਤੁਸੀਂ ਕਾਂਗਰਸ ਦਾ ਅਪਮਾਨ ਕਰ ਰਹੇ ਹੋ... ਅਸੀਂ ਇੱਥੇ ਤੁਹਾਡੀ ਤਾਰੀਫ਼ ਸੁਣਨ ਨਹੀਂ ਆਏ, ਅਸੀਂ ਇੱਥੇ ਚਰਚਾ ਕਰਨ ਆਏ ਹਾਂ..."

ਚੇਅਰਮੈਨ ਜਗਦੀਪ ਧਨਖੜ ਨੇ ਕਿਹਾ, ‘ਮੇਰੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣਾ ਵਿਰੋਧੀ ਧਿਰ ਦਾ ਸੰਵਿਧਾਨਕ ਅਧਿਕਾਰ ਹੈ ਪਰ ਤੁਸੀਂ ਇਸ ਨੂੰ ਇੱਕ ਮੁਹਿੰਮ ਬਣਾ ਦਿੱਤਾ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਕਮਜ਼ੋਰੀ ਨਹੀਂ ਦਿਖਾਵਾਂਗਾ। ਦੇਸ਼ ਲਈ ਮਰਾਂਗਾ, ਮਿਟ ਜਾਵਾਂਗਾ। ਤੁਹਾਡੇ ਕੋਲ 24 ਘੰਟੇ ਇੱਕੋਂ ਕੰਮ ਹੈ ਕਿ ਕਿਸਾਨ ਦਾ ਪੁੱਤ ਇੱਥੇ ਕਿਉਂ ਬੈਠਾ ਹੈ?  ਮੈਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸੱਤਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਇੱਜ਼ਤ ਦੇਣ ਵਿਚ ਕੋਈ ਕਸਰ ਨਹੀਂ ਛੱਡੀ।

ਉਨ੍ਹਾਂ ਅੱਗੇ ਕਿਹਾ, ‘ਮੈਂ ਬਹੁਤ ਕੁਝ ਬਰਦਾਸ਼ਤ ਕੀਤਾ ਹੈ। ਅੱਜ ਦਾ ਕਿਸਾਨ ਖੇਤੀ ਤੱਕ ਸੀਮਤ ਨਹੀਂ ਰਿਹਾ। ਅੱਜ ਦਾ ਕਿਸਾਨ ਹਰ ਪਾਸੇ ਕੰਮ ਕਰ ਰਿਹਾ ਹੈ। ਸਰਕਾਰੀ ਨੌਕਰੀ ਵੀ ਹੈ। ਉਦਯੋਗ ਹੈ। ਤੁਸੀਂ ਪ੍ਰਸਤਾਵ ਲਿਆਓ, ਇਹ ਤੁਹਾਡਾ ਹੱਕ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਧਨਖੜ ਨੇ ਕਿਹਾ ਕਿ ਪ੍ਰਸਤਾਵ ਲਿਆਉਣਾ ਤੇ ਉਸ ਉੱਤੇ ਚਰਚਾ ਕਰਨੀ ਵਿਰੋਧੀ ਧਿਰ ਦਾ ਅਧਿਕਾਰ ਹੈ। ਪ੍ਰਸਤਾਵ ਨੂੰ ਕਿਸੇ ਨੇ ਨਹੀਂ ਰੋਕਿਆ ਬਲਕਿ ਵਿਰੋਧੀ ਧਿਰ ਨੂੰ ਕਾਨੂੰਨ ਪੜ੍ਹਨ ਦੀ ਲੋੜ ਹੈ। ਵਿਰੋਧੀ ਧਿਰ ਨੇ ਪ੍ਰਸਤਾਵ ਦੀ ਆੜ ਵਿਚ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇਸ ਬਾਰੇ ਗੱਲ਼ ਕਰਦਿਆਂ ਧਨਖੜ ਨੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਨੂੰ ਆਪਣੇ ਚੈਂਬਰ ਵਿੱਚ ਬੁਲਾ ਲਿਆ।

 ਜ਼ਿਕਰਯੋਗ ਹੈ ਕਿ ਦੇਸ਼ ਦੇ ਪੂਰੇ 72 ਸਾਲਾਂ ਦੇ ਸੰਸਦੀ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਵਿਰੋਧੀ ਪਾਰਟੀਆਂ ਵਲੋਂ ਉਪ ਰਾਸ਼ਟਰਪਤੀ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ।

(For more Punjabi news apart from Heated debate between Jagdeep Dhankhar and Malikarjun in Rajya Sabha, stay tuned to Rozana Spokesman)