24 ਸਾਲ ਪਹਿਲਾਂ ਅੱਤਵਾਦੀਆਂ ਨੇ ਸੰਸਦ ’ਤੇ ਕਿਉਂ ਕੀਤਾ ਸੀ ਹਮਲਾ?
ਪੂਰਾ ਮਾਮਲਾ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ
ਨਵੀਂ ਦਿੱਲੀ: ਅੱਜ ਤੋਂ 24 ਸਾਲ ਪਹਿਲਾਂ ਯਾਨੀ 13 ਦਸੰਬਰ 2001 ਨੂੰ ਲੋਕਤੰਤਰ ਦਾ ਮੰਦਰ ਮੰਨੇ ਜਾਣ ਵਾਲੇ ਸੰਸਦ ਭਵਨ ’ਤੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਹਮਲਾ ਉਸ ਸਮੇਂ ਕੀਤਾ ਗਿਆ ਸੀ ਜਦੋਂ ਸੰਸਦ ਵਿਚ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ ਅਤੇ ਮਹਿਲਾ ਰਾਖਵਾਂਕਰਨ ਬਿਲ ਨੂੰ ਲੈ ਕੇ ਸਦਨ ਵਿਚ ਹੰਗਾਮਾ ਹੋ ਰਿਹਾ ਸੀ। ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਸੰਸਦ ਭਵਨ ਤੋਂ ਜਾ ਚੁੱਕੇ ਸੀ। ਇਸ ਦੌਰਾਨ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੁੱਝ ਮਿੰਟਾਂ ਦੇ ਅੰਦਰ ਹੀ ਭਾਰਤੀ ਸੰਸਦ ਭਵਨ ’ਤੇ ਕੋਈ ਅੱਤਵਾਦੀ ਹਮਲਾ ਹੋ ਜਾਵੇਗਾ। ਸੋ ਆਓ ਤੁਹਾਨੂੰ ਦੱਸਦੇ ਹਾਂ, ਕਿਵੇਂ ਹੋਇਆ ਸੀ ਭਾਰਤ ਦੀ ਪਾਰਲੀਮੈਂਟ ’ਤੇ ਇਹ ਵੱਡਾ ਅੱਤਵਾਦੀ ਹਮਲਾ?
ਸਮਾਂ... ਸਵੇਰ ਦੇ ਸਾਢੇ 11 ਵਜੇ, ਇਕ ਚਿੱਟੇ ਰੰਗ ਦੀ ਅੰਬੈਸਡਰ ਕਾਰ ਸੰਸਦ ਭਵਨ ਦੇ ਗੇਟ ਨੰਬਰ 12 ਤੋਂ ਐਂਟਰ ਹੁੰਦੀ ਹੈ। ਕਾਰ ਦੇ ਦਾਖ਼ਲ ਹੁੰਦਿਆਂ ਹੀ ਸੁਰੱਖਿਆ ਕਰਮਚਾਰੀਆਂ ਨੂੰ ਸ਼ੱਕ ਹੋਇਆ ਅਤੇ ਉਹ ਕਾਰ ਦੇ ਪਿੱਛੇ ਭੱਜੇ। ਇਸੇ ਦੌਰਾਨ ਉਹ ਕਾਰ ਉਪ ਰਾਸ਼ਟਰਪਤੀ ਦੀ ਖੜ੍ਹੀ ਗੱਡੀ ਨਾਲ ਟਕਰਾ ਗਈ। ਟੱਕਰ ਹੁੰਦੇ ਹੀ ਕਾਰ ਸਵਾਰ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ। ਸੰਸਦ ਭਵਨ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਆਪਣੀਆਂ ਪੁਜੀਸ਼ਨਾਂ ਸੰਭਾਲ ਲਈਆਂ। ਦੇਖਦੇ ਹੀ ਦੇਖਦੇ ਸੰਸਦ ਭਵਨ ਦਾ ਗਲਿਆਰਾ ਗੋਲੀਆਂ ਦੀ ਆਵਾਜ਼ ਨੂੰ ਦਹਿਲ ਉਠਿਆ। ਅਚਾਨਕ ਹੋਏ ਹਮਲੇ ਕਾਰਨ ਸੰਸਦ ਵਿਚ ਹਫੜਾ ਦਫੜੀ ਮੱਚ ਗਈ, ਏਜੰਸੀਆਂ ਨੇ ਤੁਰੰਤ ਅਲਰਟ ਜਾਰੀ ਕੀਤਾ।
ਸੰਸਦ ’ਤੇ ਜਦੋਂ ਇਹ ਹਮਲਾ ਹੋਇਆ ਤਾਂ ਉਸ ਸਮੇਂ ਸੰਸਦ ਭਵਨ ਵਿਚ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਵੱਡੇ ਨੇਤਾ ਅਤੇ ਪੱਤਰਕਾਰ ਮੌਜੂਦ ਸਨ। ਸੁਰੱਖਿਆ ਕਰਮਚਾਰੀਆਂ ਨੇ ਸੰਸਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਇਸੇ ਦੌਰਾਨ ਜਦੋਂ ਇਕ ਅੱਤਵਾਦੀ ਗੇਟ ਨੰਬਰ 1 ਰਾਹੀਂ ਸਦਨ ਵਿਖ ਦਾਖ਼ਲ ਹੋਣ ਲਈ ਅੱਗੇ ਵਧਿਆ ਤਾਂ ਸੁਰੱਖਿਆ ਬਲਾਂ ਨੇ ਉਸ ਨੂੰ ਥਾਏਂ ਢੇਰ ਕਰ ਦਿੱਤਾ। ਇਸ ਤੋਂ ਬਾਅਦ ਹੋਰ ਚਾਰ ਅੱਤਵਾਦੀ ਗੇਟ ਨੰਬਰ 4 ਵੱਲ ਵਧੇ, ਜਿੱਥੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਆਖ਼ਰੀ ਅੱਤਵਾਦੀ ਗੇਟ ਨੰਬਰ 5 ਵੱਲ ਭੱਜਿਆ ਪਰ ਉਹ ਵੀ ਕੁੱਝ ਹੀ ਮਿੰਟਾਂ ਵਿਚ ਸੁਰੱਖਿਆ ਬਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਇਹ ਮੁਕਾਬਲਾ ਸਾਢੇ 11 ਤੋਂ ਸ਼ੁਰੂ ਹੋ ਕੇ ਸ਼ਾਮੀਂ ਕਰੀਬ 4 ਵਜੇ ਤੱਕ ਚੱਲਿਆ। ਦੇਸ਼ ਦੇ ਜਾਂਬਾਜ ਸੁਰੱਖਿਆ ਬਲਾਂ ਨੇ ਆਪਣੀ ਬਹਾਦਰੀ ਦੇ ਚਲਦਿਆਂ ਇਕ ਵੱਡਾ ਅੱਤਵਾਦੀ ਹਮਲਾ ਫ਼ੇਲ੍ਹ ਕਰ ਦਿੱਤਾ।
ਹਮਲੇ ਦੇ ਦੋ ਦਿਨ ਬਾਅਦ 15 ਦਸੰਬਰ 2001 ਨੂੰ ਅਫ਼ਜ਼ਲ ਗੁਰੂ, ਐਸਆਰ ਗਿਲਾਨੀ, ਅਫ਼ਸ਼ਾਨ ਗੁਰੂ ਅਤੇ ਸ਼ੌਕਤ ਹੁਸੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਗਿਲਾਨੀ ਅਤੇ ਅਫ਼ਸ਼ਾਨ ਨੂੰ ਬਰੀ ਕਰ ਦਿੱਤਾ ਪਰ ਅਫ਼ਜ਼ਲ ਗੁਰੂ ਦੇ ਖ਼ਿਲਾਫ਼ ਦੋਸ਼ ਸਿੱਧ ਹੋਣ ’ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜਦਕਿ ਸ਼ੌਕਤ ਹੁਸੈਨ ਦੀ ਸਜ਼ਾ ਮੌਤ ਤੋਂ ਘਟਾ ਕੇ 10 ਸਾਲ ਕਰ ਦਿੱਤੀ ਗਈ। 9 ਫਰਵਰੀ 2013 ਨੂੰ ਅਫ਼ਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸਵੇਰੇ 8 ਵਜੇ ਫਾਂਸੀ ’ਤੇ ਲਟਕਾ ਦਿੱਤਾ ਗਿਆ।
ਦੱਸ ਦੇਈਏ ਕਿ ਇਸ ਹਮਲੇ ਵਿਚ ਦਿੱਲੀ ਪੁਲਿਸ ਦੇ 5 ਬਹਾਦਰ ਜਵਾਨ, ਸੀਆਰਪੀਐਫ ਦੀ ਇਕ ਮਹਿਲਾ ਸੁਰੱਖਿਆ ਕਰਮੀ, ਰਾਜ ਸਭਾ ਸਕੱਤਰੇਤ ਦੇ ਦੋ ਕਰਮਚਾਰੀ ਅਤੇ ਇਕ ਮਾਲੀ ਨੇ ਆਪਣੀ ਜਾਨ ਗਵਾਈ। ਸੰਸਦ ’ਤੇ ਹੋਇਆ ਹਮਲਾ ਭਾਰਤ ਦੇ ਇਤਿਹਾਸ ਦੀਆਂ ਗੰਭੀਰ ਅੱਤਵਾਦੀ ਘਟਨਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ।