ਸ਼ਿਵ ਸੈਨਾ ਨੂੰ ਹਰਾਉਣ ਵਾਲਾ ਹਾਲੇ ਪੈਦਾ ਨਹੀਂ ਹੋਇਆ : ਊਧਵ ਠਾਕਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਨਾ ਹੋਣ ਦੀ ਹਾਲਤ ਵਿਚ ਅਪਣੇ ਸਾਬਕਾ ਸਹਿਯੋਗੀ ਦਲਾਂ ਨੂੰ ਹਰਾਉਣ ਸਬੰਧੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਟਿਪਣੀ ਬਾਰੇ ਸ਼ਿਵ ਸੈਨਾ.....

Uddhav Thackeray

ਮੁੰਬਈ : ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਨਾ ਹੋਣ ਦੀ ਹਾਲਤ ਵਿਚ ਅਪਣੇ ਸਾਬਕਾ ਸਹਿਯੋਗੀ ਦਲਾਂ ਨੂੰ ਹਰਾਉਣ ਸਬੰਧੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਟਿਪਣੀ ਬਾਰੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਹਰਾਉਣ ਵਾਲਾ ਹਾਲੇ ਪੈਦਾ ਨਹੀਂ ਹੋਇਆ। ਭਗਵਾਨ ਹਨੂਮਾਨ ਦੀ ਜਾਤ ਬਾਰੇ ਚਰਚਾ ਕਰਨ ਵਾਲਿਆਂ 'ਤੇ ਤਿੱਖਾ ਹਮਲਾ ਕਰਦਿਆਂ ਠਾਕਰੇ ਨੇ ਕਿਹਾ ਕਿ ਜੇ ਇਸ ਤਰ੍ਹਾਂ ਦੀ ਟਿਪਣੀ ਕਿਸੇ ਹੋਰ ਧਰਮ ਦੇ ਵਿਅਕਤੀ ਨੇ ਕੀਤੀ ਹੁੰਦੀ ਤਾਂ ਲੋਕ ਉਸ ਵਿਅਕਤੀ ਦੇ ਦੰਦ ਤੋੜ ਦਿੰਦੇ।

ਸ਼ਿਵ ਸੈਨਾ ਨੂੰ ਅਸਿੱਧੀ ਚੇਤਾਵਨੀ ਦਿੰਦਿਆਂ ਸ਼ਾਹ ਨੇ ਹਾਲ ਹੀ ਵਿਚ ਕਿਹਾ ਸੀ ਕਿ ਜੇ ਗਠਜੋੜ ਹੋਇਆ ਤਾਂ ਭਾਜਪਾ ਅਪਣੇ ਸਾਥੀਆਂ ਦੀ ਜਿੱਤ ਯਕੀਨੀ ਕਰੇਗੀ ਪਰ ਜੇ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਨੂੰ ਹਰਾਉਣ ਦਾ ਕੰਮ ਕਰੇਗੀ। ਠਾਕਰੇ ਨੇ ਕਿਹਾ, 'ਮੈਂ ਕਿਸੇ ਕੋਲੋਂ ਹਰਾਉਣ ਜਿਹੇ ਸ਼ਬਦ ਸੁਣੇ ਹਨ। ਸ਼ਿਵ ਸੈਨਾ ਨੂੰ ਹਰਾਉਣ ਵਾਲਾ ਹਾਲੇ ਪੈਦਾ ਨਹੀਂ ਹੋਇਆ।' ਠਾਕਰੇ ਇਥੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਲੋਕ ਸਭਾ ਚੋਣਾਂ ਦੀ ਤੁਲਨਾ ਪਾਨੀਪਤ ਦੀ ਤੀਜੀ ਲੜਾਈ ਨਾਲ ਕਰਨ ਲਈ ਵੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਇਆ।       (ਏਜੰਸੀ)