ਉਹ ਅਪਣਾ ਸਾਮਰਾਜ ਖੜਾ ਕਰਨਾ ਚਾਹੁੰਦੇ ਹਨ ਪਰ ਅਸੀਂ ਜਨਤਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਿਰੁਧ ਵਿਰੋਧੀ ਧਿਰਾਂ ਦੇ ਮਹਾਗਠਜੋੜ ਬਣਾਉਣ ਦੀ ਕਵਾਇਦ 'ਤੇ ਵਿਅੰਗ ਕਸਦਿਆਂ ਕਿਹਾ ਕਿ ਭਾਜਪਾ ਦੇਸ਼ ਦੀ ਸੇਵਾ ਕਰਨ ਲਈ ਹੈ.......

Narendra Modi

ਚੇਨਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਿਰੁਧ ਵਿਰੋਧੀ ਧਿਰਾਂ ਦੇ ਮਹਾਗਠਜੋੜ ਬਣਾਉਣ ਦੀ ਕਵਾਇਦ 'ਤੇ ਵਿਅੰਗ ਕਸਦਿਆਂ ਕਿਹਾ ਕਿ ਭਾਜਪਾ ਦੇਸ਼ ਦੀ ਸੇਵਾ ਕਰਨ ਲਈ ਹੈ ਜਦਕਿ ਦੂਜੇ ਪਾਸੇ ਮੌਕਾਪ੍ਰਸਤ ਗਠਜੋੜ, ਵੰਸ਼ਵਾਦੀ ਪਾਰਟੀਆਂ ਹਨ। ਮੋਦੀ ਨੇ ਕਿਹਾ, 'ਉਹ ਅਪਣਾ ਸਾਮਰਾਜ ਖੜਾ ਕਰਨਾ ਚਾਹੁੰਦੇ ਹਨ ਪਰ ਅਸੀਂ ਜਨਤਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ।' ਮੋਦੀ ਨੇ ਕਿਹਾ ਕਿ ਭਾਜਪਾ ਵਿਰੁਧ ਮਹਾਗਠਜੋੜ ਹੈ ਅਤੇ ਸਬੰਧਤ ਦਲ ਇਹ ਗਠਜੋੜ ਅਪਣੇ ਫ਼ਾਇਦਿਆਂ ਲਈ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਵਿਚ ਪੰਜ ਸੰਸਦੀ ਸੀਟਾਂ ਦੇ ਬੂਥ ਪੱਧਰ ਦੇ ਪਾਰਟੀ ਕਾਰਕੁਨਾਂ ਨਾਲ ਗੱਲਬਾਤ ਦੌਰਾਨ ਕਿਹਾ, 'ਹੋਰ ਪਾਰਟੀਆਂ ਵਾਂਗ ਅਸੀਂ ਵੰਡੋ ਤੇ ਰਾਜ ਕਰੋ ਲਈ ਜਾਂ ਵੋਟ ਬੈਂਕ ਬਣਾਉਣ ਲਈ ਰਾਜਨੀਤੀ ਵਿਚ ਨਹੀਂ ਹਾਂ। ਅਸੀਂ ਇਥੇ ਹਰ ਤਰੀਕੇ ਨਾਲ ਦੇਸ਼ ਦੀ ਸੇਵਾ ਲਈ ਹਾਂ।' ਉਨ੍ਹਾਂ ਕਿਹਾ ਕਿ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉੁਣ ਲਈ ਆਉਣ ਵਾਲੇ ਚੋਣ ਕਮਿਸ਼ਨ ਅਤੇ ਦੇਸ਼ ਲਈ ਅਹਿਮ ਹੈ। ਮੋਦੀ ਨੇ ਕਿਸੇ ਦਾ ਨਾਮ ਲਏ ਬਿਨਾਂ ਕਿਹਾ, 'ਇਕ ਪਾਸੇ ਸਾਡੇ ਕੋਲ ਵਿਕਾਸ 
ਏਜੰਡਾ ਹੈ ਤਾਂ ਦੂਜੇ ਪਾਸੇ ਮੌਕਾਪ੍ਰਸਤ ਗਠਜੋੜ ਹੈ, ਵੰਸ਼ਵਾਦੀ ਪਾਰਟੀਆਂ ਹਨ।'

ਉਨ੍ਹਾਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆਂ ਸਵਾਲ ਕੀਤਾ, 'ਜੇ ਮੋਦੀ ਏਨਾ ਖ਼ਰਾਬ ਹੈ ਅਤੇ ਸਰਕਾਰ ਕੰਮ ਨਹੀਂ ਕਰ ਰਹੀ ਤਾਂ ਇਹ ਗਠਜੋੜ ਕਿਉਂ? ਕੀ ਤੁਹਾਨੂੰ ਅਪਣੇ ਉਪਰ ਭਰੋਸਾ ਨਹੀਂ ਹੋਣਾ ਚਾਹੀਦਾ। ਉਹ ਜਾਣਦੇ ਹਨ ਕਿ ਇਹ ਕੰਮ ਕਰਨ ਵਾਲੀ ਸਰਕਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ, ਕਿਸਾਨ ਅਤੇ ਔਰਤਾਂ ਸਮੇਤ ਸਮਾਜ ਦੇ ਹੋਰ ਵਰਗਾਂ ਦਾ ਭਾਜਪਾ ਸਰਕਾਰ ਨਾਲ ਮਜ਼ਬੂਤ ਸੰਬਧ ਹੈ। ਮੋਦੀ ਦਾ ਇਹ ਬਿਆਨ ਆਗਾਮੀ ਲੋਕ ਸਭਾ ਚੋਣਾਂ ਲਈ ਯੂਪੀ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਕਰਨ ਦੇ ਐਲਾਨ ਦੇ ਇਕ ਦਿਨ ਬਾਅਦ ਆਇਆ ਹੈ। (ਏਜੰਸੀ)