''ਭਾਜਪਾ ਸਰਕਾਰ ਨੇ ਲੋਕਾਂ ਦੀ ਜੇਬ ਕੱਟ ਕੇ ਪੇਟ 'ਤੇ ਮਾਰੀ ਲੱਤ''

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਦੀ ਦਰ ਦਸੰਬਰ 2019 ਵਿਚ ਜ਼ੋਰਦਾਰ ਤੇਜ਼ੀ ਨਾਲ 7.35 ਫ਼ੀ ਸਦੀ ਦੇ ਪੱਧਰ 'ਤੇ ਪਹੁੰਚ ਗਈ

File Photo

ਨਵੀਂ ਦਿੱਲੀ : ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੇ ਦੇਸ਼ ਵਿਚ ਵੱਧ ਰਹੀ ਮਹਿੰਗਾਈ ਅਤੇ ਆਰਥਿਕ ਮੰਦੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿੰਅਕਾ ਨੇ ਸਰਕਾਰ 'ਤੇ ਆਮ ਲੋਕਾਂ ਦੀ ਜੇਬ ਕੱਟ ਕੇ ਪੇਟ 'ਤੇ ਲੱਤ ਮਾਰਨ ਦਾ ਆਰੋਪ ਲਗਾਇਆ ਹੈ।

ਪ੍ਰਿੰਅਕਾ ਗਾਂਧੀ ਨੇ ਖਾਣ-ਪੀਣ ਵਾਲੀਆਂ ਚੀਜ਼ਾ ਦੇ ਵੱਧਦੇ ਰੇਟਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਆੜੇ ਹੱਥੀ ਲਿਆ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਸਬਜ਼ੀਆਂ ਅਤੇ ਖਾਣ-ਪੀਣ ਵਾਲੀਆਂ ਚੀਜ਼ਾ ਦੇ ਭਾਅ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ ਜਦੋਂ ਸਬਜੀਆਂ ਤੇਲ, ਦਾਲ ਅਤੇ ਆਟਾ ਮਹਿੰਗਾ ਹੋ ਜਾਵੇਗਾ ਤਾਂ ਗਰੀਬ ਕੀ ਖਾਵੇਗਾ। ਉੱਪਰ ਤੋਂ ਮੰਦੀ ਦੀ ਵਜ੍ਹਾ ਕਰਕੇ ਗਰੀਬਾਂ ਨੂੰ ਕੰਮ ਵੀ ਨਹੀਂ ਮਿਲ ਰਿਹਾ ਹੈ''। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਤਾਂ ਜੇਬ ਕੱਟ ਕੇ ਪੇਟ 'ਤੇ ਲੱਤ ਮਾਰ ਦਿੱਤੀ ਹੈ।

ਦੱਸ ਦਈਏ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਦੀ ਦਰ ਦਸੰਬਰ 2019 ਵਿਚ ਜ਼ੋਰਦਾਰ ਤੇਜ਼ੀ ਨਾਲ 7.35 ਫ਼ੀ ਸਦੀ ਦੇ ਪੱਧਰ 'ਤੇ ਪਹੁੰਚ ਗਈ ਸੀ। ਇਹ ਭਾਰਤੀ ਰਿਜ਼ਰਵ ਬੈਂਕ ਦੇ ਤਸੱਲੀਬਖ਼ਸ਼ ਪੱਧਰ ਤੋਂ ਕਿਤੇ ਜ਼ਿਆਦਾ ਹੈ। ਖਾਧ ਵਸਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਕਾਰਨ ਪਰਚੂਨ ਮਹਿੰਗਾਈ ਵਿਚ ਉਛਾਲ ਆਇਆ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਉਪਭੋਗਤਾ ਮੂਲ ਸੂਚਕ ਅੰਕ ਆਧਾਰਤ ਪਰਚੂਨ ਮਹਿੰਗਾਈ ਨਵੰਬਰ 2019 ਵਿਚ 5.54 ਫ਼ੀ ਸਦੀ ਅਤੇ ਦਸੰਬਰ 2018 ਵਿਚ 2.11 ਫ਼ੀ ਸਦੀ ਦੇ ਪੱਧਰ 'ਤੇ ਸੀ। ਇਹ ਇਸ ਦਾ ਪੰਜ ਸਾਲਾਂ ਦਾ ਸੱਭ ਤੋਂ ਉੱਚਾ ਪੱਧਰ ਹੈ।

ਅੰਕੜਿਆਂ ਮੁਤਾਬਕ ਸਬਜ਼ੀਆਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਔਸਤਨ 60.5 ਫ਼ੀ ਸਦੀ ਉਪਰ ਚੱਲ ਰਹੀਆਂ ਸਨ। ਦਾਲਾਂ ਅਤੇ ਹੋਰ ਉਤਪਾਦਾਂ ਦੀ ਮਹਿੰਗਾਈ ਦਸੰਬਰ ਮਹੀਨੇ ਵਿਚ 15.44 ਫ਼ੀ ਸਦੀ ਰਹੀ ਜਦਕਿ ਮਾਸ ਅਤੇ ਮੱਛੀ ਦੀ ਮਹਿੰਗਾਈ ਲਗਭਗ ਦਸ ਫ਼ੀ ਸਦੀ ਰਹੀ। ਸਰਕਾਰੀ ਅੰਕੜਿਆਂ ਮੁਤਾਬਕ ਦਸੰਬਰ ਵਿਚ ਖਾਧ ਵਸਤਾਂ ਦੀ ਮੁਦਰਾਸਫ਼ੀਤੀ ਵੱਧ ਕੇ 14.12 ਫ਼ੀ ਸਦੀ 'ਤੇ ਪਹੁੰਚ ਗਈ। ਦਸੰਬਰ 2018 ਵਿਚ ਇਹ ਸਿਫ਼ਰ ਤੋਂ 2.65 ਫ਼ੀ ਸਦੀ ਹੇਠਾਂ ਸੀ। ਨਵੰਬਰ 2019 ਵਿਚ ਇਹ 10.01 ਫ਼ੀ ਸਦੀ 'ਤੇ ਸੀ। ਕੇਂਦਰ ਸਰਕਾਰ ਨੇ ਰਿਜ਼ਰਵ ਬੈਂਕ ਨੂੰ ਮੁਦਰਾਸਫ਼ੀਤੀ ਨੂੰ ਚਾਰ ਫ਼ੀ ਸਦੀ ਯਾਨੀ ਦੋ ਫ਼ੀ ਸਦੀ ਉਪਰ ਜਾਂ ਹੇਠਾਂ, ਦੇ ਦਾਇਰੇ ਵਿਚ ਰੱਖਣ ਦਾ ਟੀਚਾ ਦਿਤਾ ਹੈ। ਹੁਣ ਇਹ ਕੇਂਦਰੀ ਬੈਂਕ ਦੇ ਟੀਚੇ ਤੋਂ ਕਿਤੇ ਜ਼ਿਆਦਾ ਹੋ ਗਈ ਹੈ।