''ਹੁਣ ਪੰਜਾਬ ਵਿਚ ਰੋਬੋਟ ਕਰਨਗੇ ਸੀਵਰੇਜ ਦੀ ਸਫ਼ਾਈ''

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਹੋਵੇਗੀ ਰੋਬੋਟਿਕ ਮਸ਼ੀਨਾਂ ਨਾਲ ਸੀਵਰ ਸਾਫ਼ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ

File Photo

ਚੰਡੀਗੜ੍ਹ : ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸੂਬੇ ਵਿਚ ਸੀਵਰੇਜ ਦੀ ਸਫ਼ਾਈ ਮਨੁੱਖ-ਰਹਿਤ ਕਰਨ ਦੀ ਵੱਡੀ ਪਹਿਲਕਦਮੀ ਤਹਿਤ ਆਧੁਨਿਕ ਤਕਨੀਕ ਵਾਲੇ ਰੋਬੋਟ ਨਾਲ ਸੀਵਰੇਜ ਸਾਫ਼ ਕਰਨ ਦੇ ਪ੍ਰਾਜੈਕਟ ਨੂੰ ਅਮਲੀਜਾਮਾ ਪਹਿਨਾ ਦਿਤਾ ਹੈ।

ਸੂਬੇ ਵਿਚ ਹੁਣ ਰੋਬੋਟ ਸੀਵਰੇਜ ਸਾਫ਼ ਕਰਿਆ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅੱਜ ਇਥੇ ਦਸਿਆ ਕਿ ਸੀਵਰੇਜ ਦੀ ਸਫ਼ਾਈ ਰੋਬੋਟ ਨਾਲ ਕਰਨ ਦੇ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਕੀਤੀ ਜਾਵੇਗੀ।

ਸ੍ਰੀਮਤੀ ਸੁਲਤਾਨਾ ਨੇ ਦਸਿਆ ਕਿ ਪਹਿਲੇ ਪੜਾਅ ਤਹਿਤ ਕੇਰਲਾ ਦੀ ਜੇਨਰੋਬੋਟਿਕਸ ਕੰਪਨੀ ਵਲੋਂ ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਰੋਬੋਟਿਕ ਮਸ਼ੀਨ ''ਬੈਂਡੀਕੂਟੋ'' ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਵਰੇਜ ਦੀ ਸਫ਼ਾਈ ਦਾ ਕੰਮ ਮਨੁੱਖ ਰਹਿਤ ਕਰ ਦੇਵੇਗੀ ਜਿਸ ਨਾਲ ਸਫ਼ਾਈ ਕਰਮਚਾਰੀਆਂ ਨੂੰ ਗੰਭੀਰ ਸਮੱਸਿਆਵਾਂ ਜਿਵੇਂ ਸੀਵਰੇਜ ਵਿਚ ਉਤਰਨ ਦੇ ਖ਼ਤਰੇ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਹੋਣ ਵਾਲੇ ਮਨੁੱਖੀ ਸਿਹਤ ਨੂੰ ਨੁਕਸਾਨ ਤੋਂ ਬਚਾਅ ਹੋਵੇਗਾ।

ਇਸ ਤੋਂ ਇਲਾਵਾ ਘੰਟਿਆਂ ਦਾ ਕੰਮ ਬਹੁਤ ਘੱਟ ਸਮੇਂ ਵਿਚ ਕਰਨਾ ਯਕੀਨੀ ਬਣਾਇਆ ਜਾ ਸਕੇਗਾ। ਸ੍ਰੀਮਤੀ ਸੁਲਤਾਨਾ ਨੇ ਦਸਿਆ ਕਿ ਕਰੀਬ 90 ਲੱਖ ਰੁਪਏ ਦੀ ਲਾਗਤ ਵਾਲੀਆਂ ਰੋਬੋਟਿਕ ਤਕਨੀਕ ਨਾਲ ਲੈਸ ਦੋ ਮਸ਼ੀਨਾਂ ਰਾਹੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਵਰ ਸਫ਼ਾਈ ਦਾ ਕਾਰਜ ਸ਼ਰੂ ਕਰਨ ਨਾਲ ਪੰਜਾਬ, ਦੇਸ਼ ਦਾ ਸਤਵਾਂ ਅਜਿਹਾ ਸੂਬਾ ਬਣ ਜਾਵੇਗਾ ਜਦਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਹ ਨਵੀਨਤਮ ਤਕਨੀਕ ਅਪਨਾਉਣ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਕੇ ਉਭਰੇਗਾ।