''ਪ੍ਰਧਾਨ ਮੰਤਰੀ ਮੋਦੀ ਵਿਦਿਆਰਥੀਆਂ ਦੇ ਸਾਹਮਣੇ ਖੜਾ ਹੋਣ ਤੋਂ ਡਰਦੇ ਹਨ''
ਮੋਦੀ ਬਿਨਾਂ ਸੁਰੱਖਿਆ ਯੂਨੀਵਰਸਿਟੀ ਵਿਚ ਜਾਣ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਵਿਖਾਉਣ-ਰਾਹੁਲ ਗਾਂਧੀ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਸਾਹਮਣੇ ਖੜੇ ਹੋਣ ਤੋਂ ਡਰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਅੰਦਰ ਵਿਦਿਆਰਥੀਆਂ ਸਾਹਮਣੇ ਖੜਾ ਹੋਣ ਦੀ ਹਿੰਮਤ ਨਹੀਂ ਹੈ।
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨ ਲਗਾਉਂਦਿਆ ਕਿਹਾ ਕਿ'' ਮੈਂ ਉਨ੍ਹਾਂ ਨੂੰ ਚੁਨੋਤੀ ਦਿੰਦਾ ਹਾਂ ਕਿ ਉਹ ਬਿਨਾਂ ਕਿਸੇ ਸੁਰੱਖਿਆ ਯੂਨੀਵਰਸਿਟੀ ਵਿਚ ਜਾਣ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ''।' ਗਾਂਧੀ ਨੇ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਨਹੀਂ ਚਾਹੀਦਾ। ਰਾਹੁਲ ਨੇ ਇਹ ਗੱਲ ਵਿਰੋਧੀ ਧਿਰ ਦੀ ਬੈਠਕ ਮਗਰੋਂ ਕਹੀ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਪਰ ਉਨ੍ਹਾਂ ਨਾਲ ਗੱਲ ਕਰਨ ਦੀ ਬਜਾਏ ਧਿਆਨ ਲਾਂਭੇ ਕੀਤਾ ਜਾ ਰਿਹਾ ਹੈ। ਕਾਂਗਰਸ ਸੰਸਦ ਮੈਂਬਰ ਨੇ ਅਰਥਚਾਰੇ ਸਬੰਧੀ ਵੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੀ ਅਰਥਵਿਵਸਥਾ ਪਟੜੀ 'ਤੇ ਕਿਵੇਂ ਆਏਗੀ, ਇਸ ਦਾ ਜਵਾਬਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਟਵਿਟਰ 'ਤੇ ਕਿਹਾ ਕਿ ਉਨ੍ਹਾਂ ਦੀ ਸੋਚ ਨਾਲ ਮਿਲਦੀ ਸੋਚ ਰਖਦੀਆਂ 20 ਪਾਰਟੀਆਂ ਨੇ ਬੈਠਕ ਕੀਤੀ ਅਤੇ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਜਨਤਾ ਵਿਰੁਧ ਕੀਤੇ ਗਏ ਫ਼ੈਸਲਿਆਂ ਬਾਰੇ ਰਣਨੀਤੀ ਤਿਆਰ ਕੀਤੀ ਗਈ ਹੈ ਅਤੇ ਉਹ ਅਜਿਹੀਆਂ ਘਟਨਾਵਾਂ 'ਤੇ ਸਰਕਾਰ ਦਾ ਵਿਰੋਧ ਕਰਨਗੇ।