'ਅੱਛੇ ਦਿਨਾਂ' ਦੀ ਅਨੋਖੀ ਬਹਾਰ, ਸਬਜ਼ੀਆਂ ਵੀ ਹੋ ਗਈਆਂ ਰਸੋਈਓਂ 'ਬਾਹਰ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿੰਗੀਆਂ ਸਬਜ਼ੀਆਂ ਨੇ ਕੱਢਿਆ ਕਚੂੰਮਰ, ਪਰਚੂਨ ਮਗਰੋਂ ਥੋਕ ਮਹਿੰਗਾਈ ਵੀ ਵਧੀ

file photo

ਨਵੀਂ ਦਿੱਲੀ : ਪਿਆਜ਼ ਅਤੇ ਆਲੂ ਜਿਹੀਆਂ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਦਸੰਬਰ ਵਿਚ ਥੋਕ ਮੁੱਲ ਸੂਚਕ ਅੰਕ ਆਧਾਰਤ ਮੁਦਰਾਸਫ਼ੀਤੀ ਵੱਧ ਕੇ 2.59 ਫ਼ੀ ਸਦੀ 'ਤੇ ਪਹੁੰਚ ਗਈ। ਨਵੰਬਰ ਵਿਚ ਥੋਕ ਸੂਚਕ ਅੰਕ ਆਧਾਰਤ ਮੁਦਰਾਸਫ਼ੀਤੀ 0.58 ਫ਼ੀ ਸਦੀ 'ਤੇ ਸੀ। ਦਸੰਬਰ 2018 ਵਿਚ ਇਹ 3.46 ਫ਼ੀ ਸਦੀ ਦੇ ਪੱਧਰ 'ਤੇ ਸੀ।

ਵਣਜ ਅਤੇ ਉਦਯੋਗ ਮੰਤਰਾਲੇ ਦੇ ਆਰਥਕ ਸਲਾਹਕਾਰ ਦਫ਼ਤਰ ਦੁਆਰਾ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੁਣ ਤਕ ਵਿੱਤ ਵਰ੍ਹੇ ਵਿਚ ਥੋਕ ਮੁਦਰਾਸਫ਼ੀਤੀ ਔਸਤਨ 2.42 ਫ਼ੀ ਸਦੀ ਤਕ ਵਧੀ ਹੈ। ਇਸ ਨਾਲ ਪਿਛਲੇ ਵਿੱਤ ਵਰ੍ਹੇ ਦੇ ਆਮ ਅਰਸੇ ਵਿਚ ਸੰਕਲਿਤ ਮੁਦਰਾਸਫ਼ੀਤੀ 2.92 ਫ਼ੀ ਸਦੀ ਸੀ। ਦਸੰਬਰ ਵਿਚ ਖਾਧ ਵਸਤਾਂ ਦੀਆਂ ਕੀਮਤਾਂ 13.12 ਫ਼ੀ ਸਦੀ ਵਧੀਆਂ। ਇਕ ਮਹੀਨੇ ਪਹਿਲਾਂ ਯਾਨੀ ਨਵੰਬਰ ਵਿਚ ਇਨ੍ਹਾਂ ਵਿਚ 11 ਫ਼ੀ ਸਦੀ ਦਾ ਵਾਧਾ ਹੋਇਆ ਸੀ।

ਇਸੇ ਤਰ੍ਹਾਂ ਗ਼ੈਰ ਖਾਧ ਉਤਪਾਦਾਂ ਦੀਆਂ ਕੀਮਤਾਂ ਚਾਰ ਗੁਣਾਂ ਹੋ ਕੇ 7.72 ਫ਼ੀ ਸਦੀ 'ਤੇ ਪਹੁੰਚ ਗਈਆਂ। ਨਵੰਬਰ ਵਿਚ ਗ਼ੈਰ ਖਾਧ ਵਸਤਾਂ ਦੀ ਮਹਿੰਗਾਈ 1.93 ਫ਼ੀ ਸਦੀ ਸੀ। ਅੰਕੜਿਆਂ ਮੁਤਾਬਕ ਖਾਧ ਵਸਤਾਂ ਵਿਚ ਇਸ ਮਹੀਨੇ ਦੌਰਾਨ ਸਬਜ਼ੀਆਂ ਸੱਭ ਤੋਂ ਜ਼ਿਆਦਾ 69.69 ਫ਼ੀ ਸਦੀ ਮਹਿੰਗੀਆਂ ਹੋਈਆਂ। ਇਸ ਦਾ ਮੁੱਖ ਕਾਰਨ ਪਿਆਜ਼ ਹੈ ਜਿਸ ਦੀ ਮਹਿੰਗਾਈ ਮਹੀਨੇ ਦੌਰਾਨ 455.83 ਫ਼ੀ ਸਦੀ ਵਧੀ।

ਇਸ ਦੌਰਾਨ ਆਲੂ ਦੀ ਕੀਮਤ 44.97 ਫ਼ੀ ਸਦੀ ਵਧ ਗਈ। ਪ੍ਰਮੁੱਖ ਉਤਪਾਦਕ ਰਾਜਾਂ ਵਿਚ ਭਾਰੀ ਮੀਂਹ ਕਾਰਨ ਫ਼ਸਲ ਬਰਬਾਤ ਹੋਣ ਕਾਰਨ ਹੁਣ ਤਕ ਵੱਖ ਵੱਖ ਬਾਜ਼ਾਰਾਂ ਵਿਚ ਪਿਆਜ਼ 100 ਰੁਪਏ ਪ੍ਰਤੀ ਕਿਲੋ ਤੋਂ ਵੱਧ ਦੀ ਕੀਮਤ 'ਤੇ ਵਿਕ ਰਿਹਾ ਸੀ। ਨਵੀਂ ਫ਼ਸਲ ਦੀ ਆਮਦ ਅਤੇ ਦਰਾਮਦ ਮਗਰੋਂ ਹੁਣ ਪਿਆਜ਼ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਉਪਭੋਗਤਾ ਮੁੱਲ ਸੂਚਕ ਅੰਕ ਆਧਾਰਤ ਮੁਦਰਾਸਫ਼ੀਤੀ ਦਸੰਬਰ ਵਿਚ ਵੱਧ ਕੇ 7.35 ਫ਼ੀ ਸਦੀ 'ਤੇ ਪਹੁੰਚ ਗਈ ਜੋ ਇਸ ਦਾ ਪੰਜ ਸਾਲ ਦਾ ਉੱਚ ਪੱਧਰ ਹੈ। ਮੁਦਰਾਸਫ਼ੀਤੀ ਵਿਚ ਆਏ ਜ਼ੋਰਦਾਰ ਉਛਾਲ ਮਗਰੋਂ ਹੁਣ ਰਿਜ਼ਰਵ ਬੈਂਕ ਦੁਆਰਾ ਫ਼ਰਵਰੀ ਦੀ ਮੁਦਰਾ ਸਮੀਖਿਆ ਵਿਚ ਨੀਤੀਗਤ ਦਰਾਂ ਵਿਚ ਕਟੌਤੀ ਦੀ ਗੁੰਜਾਇਸ਼ ਨਹੀਂ ਰਹਿ ਗਈ।

ਮੁਢਲੇ ਉਤਪਾਦਾਂ ਦੀ ਮੁਦਰਾਸਫ਼ੀਤੀ ਸਮੀਖਿਆ ਅਧੀਨ ਮਹੀਨੇ ਵਿਚ ਵੱਧ ਕੇ 11.46 ਫ਼ੀ ਸਦੀ 'ਤੇ ਪਹੁੰਚ ਗਈ ਜੋ ਇਸ ਦੇ ਇਕ ਮਹੀਨਾ ਪਹਿਲਾਂ 7.68 ਫ਼ੀ ਸਦੀ ਸੀ। ਥੋਕ ਮੁੱਲ ਸੂਚਕ ਅੰਕ ਵਿਚ ਮੁਢਲੇ ਉਤਪਾਦਾਂ ਦਾ ਹਿੱਸਾ 22.62 ਫ਼ੀ ਸਦੀ ਹੈ।

ਹੋਰ ਵੱਧ ਸਕਦੀ ਹੈ ਮਹਿੰਗਾਈ : ਮਾਹਰਾਂ ਦਾ ਕਹਿਣਾ ਹੈ ਕਿ ਖਾਧ ਉਤਪਾਦ ਖ਼ਾਸਕਰ ਸਬਜ਼ੀਆਂ ਮਹਿੰਗੀਆਂ ਹੋਣ ਨਾਲ ਉਪਭੋਗਤਾ ਮੁੱਲ ਸੂਚਕ ਅੰਕ ਆਧਾਰਤ ਮੁਦਰਾਸਫ਼ੀਤੀ ਅਗਲੇ ਮਹੀਨੇ ਹੋਰ ਚੜ੍ਹ ਸਕਦੀ ਹੈ। ਐਸਬੀਆਈ ਇਕਨਾਮਿਕ ਰਿਸਰਚ ਦੀ ਰੀਪੋਰਟ ਵਿਚ ਕਿਹਾ ਗਿਆ ਹੈ, 'ਸਾਡਾ ਅਨੁਮਾਨ ਹੈ ਕਿ ਜਨਵਰੀ ਵਿਚ ਮੁਦਰਾਸਫ਼ੀਤੀ ਅੱਠ ਫ਼ੀ ਸਦੀ ਦੇ ਪਾਰ ਜਾਵੇਗੀ ਅਤੇ ਉਸ ਤੋਂ ਬਾਅਦ ਹੇਠਾਂ ਆਉਣ ਲੱਗੇਗੀ। ਇਸ ਕਾਰਨ ਰਿਜ਼ਰਵ ਬੈਂਕ ਮੁਦਰਾਸਫ਼ੀਤੀ ਦੇ ਰੁਝਾਨ ਨੂੰ ਨਵੇਂ ਸਿਰੇ ਤੋਂ ਵੇਖੇਗਾ ਹਾਲਾਂਕਿ ਸਾਡਾ ਮੰਨਣਾ ਹੈ ਕਿ ਕੇਂਦਰੀ ਬੈਂਕ ਦੇ ਨਜ਼ਰੀਏ ਵਿਚ ਬਦਲਾਅ ਦੀ ਲੋੜ ਨਹੀਂ ਕਿਉਂਕਿ ਵਰਤੋਂ ਕਾਫ਼ੀ ਸੁਸਤ ਹੈ।' ਦਸੰਬਰ ਵਿਚ ਨਿਰਮਾਣ ਉਤਪਾਦਾਂ ਦੀ ਮੁਦਰਾਸਫ਼ੀਤੀ 0.25 ਫ਼ੀ ਸਦੀ ਘਟੀ ਹੈ। ਤੇਲ ਅਤੇ ਬਿਜਲੀ ਦੀ ਸ਼੍ਰੇਣੀ ਵਿਚ ਵੀ ਮੁਦਰਾਸਫ਼ੀਤੀ 1.46 ਫ਼ੀ ਸਦੀ ਘਟੀ ਹੈ। ਇਸ ਨਾਲ ਪਿਛਲੇ ਮਹੀਨੇ ਇਹ ਸਿਫ਼ਰ ਤੋਂ 7.32 ਫ਼ੀ ਸਦੀ ਹੇਠਾਂ ਸੀ।