ਦਿੱਲੀ ਵਿਚ ਸੀਤ ਲਹਿਰ ਦਾ ਕਹਿਰ, ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ
ਆਈਐਮਡੀ ਦੇ ਅਨੁਸਾਰ, ਸ਼ਹਿਰ ਦੇ ਕੁਝ ਇਲਾਕਿਆਂ ਵਿਚ ‘‘ਸੰਘਣੀ” ਧੁੰਦ ਨਾਲ ਵਿਜ਼ੀਬਿਲਟੀ 50 ਮੀਟਰ ਹੀ ਰਹਿ ਗਈ।
ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਬਰਫ਼ ਨਾਲ ਢੱਕੇ ਪਛਮੀ ਹਿਮਾਲਿਆ ਦੀਆਂ ਹਵਾਵਾਂ ਮੈਦਾਨਾਂ ਵਲ ਵਧਣ ਕਾਰਨ ਦਿੱਲੀ ਵਿਚ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ। ਇਸ ਨਾਲ ਬੀਤੇ ਦਿਨ ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਆਈਐਮਡੀ ਦੇ ਅਨੁਸਾਰ, ਸ਼ਹਿਰ ਦੇ ਕੁਝ ਇਲਾਕਿਆਂ ਵਿਚ ‘‘ਸੰਘਣੀ” ਧੁੰਦ ਨਾਲ ਵਿਜ਼ੀਬਿਲਟੀ 50 ਮੀਟਰ ਹੀ ਰਹਿ ਗਈ। ਆਈਐਮਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਸਫ਼ਦਰਜੰਗ ਆਬਜ਼ਰਵੇਟਰੀ ਨੇ ਸੀਤ ਲਹਿਰ ਬਾਰੇ ਜਾਣਕਾਰੀ ਦਿਤੀ। ਇਥੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਆਈਐਮਡੀ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਦੇ ਚਾਰ ਡਿਗਰੀ ਸੈਲੀਅਲਸ ਉੱਤੇ ਪਹੁੰਚਣ ਉੱਤੇ ਹੀ ਸੀਤ ਲਹਿਰ ਦਾ ਐਲਾਨ ਕਰ ਦਿੰਦਾ ਹੈ। ਘੱਟੋ ਘੱਟ ਤਾਪਮਾਨ ਦੇ ਦੋ ਡਿਗਰੀ ਸੈਲੀਅਲਸ ਜਾਂ ਉਸ ਨਾਲ ਘੱਟ ਦਰਜ ਕੀਤੇ ਜਾਣ ਉੱਤੇ ਸੀਤ ਲਹਿਰ ਦਾ ਐਲਾਨ ਕੀਤਾ ਜਾਂਦਾ ਹੈ।
ਸ੍ਰੀਵਾਸਤਵ ਨੇ ਕਿਹਾ ਕਿ ਪਛਮੀ ਹਿਮਾਲਿਆ ਤੋਂ ਮੈਦਾਨੀ ਇਲਾਕਿਆਂ ਵਿਚ ਆ ਰਹੀ ਠੰਢੀ ਅਤੇ ਖੁਸ਼ਕ ਉੱਤਰੀ ਪਛਮੀ ਹਵਾਵਾਂ ਕਾਰਨ ਉੱਤਰੀ ਭਾਰਤ ਵਿਚ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਅਗਲੇ ਦੋ ਦਿਨ ਵੀ ਸ਼ਹਿਰ ਵਿਚ ਅਜਿਹੀ ਹੀ ਸਥਿਤੀ ਬਣੀ ਰਹੇਗੀ। ਆਈਐਮਡੀ ਨੇ ਕਿਹਾ ਕਿ ’ਸੰਘਣੀ’ ਧੁੰਦ ਕਾਰਨ ਪਾਲਮ ਵਿਚ ਵੀਜ਼ੀਬਿਲਟੀ 50 ਮੀਟਰ ਅਤੇ ਸਫ਼ਦਰਜੰਗ ਵਿਚ 200 ਮੀਟਰ ਦਰਜ ਕੀਤੀ ਗਈ।