ਕਸ਼ਮੀਰੀ ਵੱਖਵਾਦੀ ਆਸੀਆ ਅੰਦਰਾਬੀ ਯੂ.ਏ.ਪੀ.ਏ. ਮਾਮਲੇ ’ਚ ਦੋਸ਼ੀ ਕਰਾਰ
ਐਨ.ਆਈ.ਏ. ਨੇ ਨਫ਼ਰਤ ਭਰੇ ਭਾਸ਼ਣਾਂ ਅਤੇ ਭਾਰਤ ਵਿਰੁਧ ਜੰਗ ਛੇੜਨ ਦਾ ਦੋਸ਼ ਲਗਾਇਆ ਸੀ
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਕਸ਼ਮੀਰੀ ਵੱਖਵਾਦੀ ਅਤੇ ਦੁਖਤਾਰਨ-ਏ-ਮਿੱਲਤ ਮੁਖੀ ਆਸੀਆ ਅੰਦਰਾਬੀ ਨੂੰ ਯੂ.ਏ.ਪੀ.ਏ. ਮਾਮਲੇ ’ਚ ਦੋਸ਼ੀ ਕਰਾਰ ਦਿਤਾ ਹੈ। ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਯੂ.ਏ.ਪੀ.ਏ. ਦੀ ਧਾਰਾ 18 (ਸਾਜ਼ਸ਼ ਲਈ ਸਜ਼ਾ) ਅਤੇ 38 (ਅਤਿਵਾਦੀ ਸੰਗਠਨ ਦੀ ਮੈਂਬਰਸ਼ਿਪ ਨਾਲ ਸਬੰਧਤ ਅਪਰਾਧ) ਤਹਿਤ ਦੋਸ਼ੀ ਠਹਿਰਾਉਣ ਦੇ ਹੁਕਮ ਦਿਤੇ ਹਨ। ਸਜ਼ਾ ਦੀ ਮਾਤਰਾ ਦਾ ਫੈਸਲਾ 17 ਜਨਵਰੀ ਨੂੰ ਕੀਤਾ ਜਾਵੇਗਾ।
ਅੰਦਰਾਬੀ ਉਤੇ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਦੋ ਸਾਥੀਆਂ ਨਾਲ ਮਿਲ ਕੇ ਨਫ਼ਰਤ ਭਰੇ ਭਾਸ਼ਣਾਂ ਦੇ ਨਾਲ-ਨਾਲ ਅਪਰਾਧਕ ਸਾਜ਼ਸ਼ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਰਾਹੀਂ ਭਾਰਤ ਵਿਰੁਧ ਜੰਗ ਛੇੜਨ ਦਾ ਦੋਸ਼ ਲਗਾਇਆ ਸੀ। 1987 ’ਚ ਮਹਿਲਾ ਵੱਖਵਾਦੀ ਸਮੂਹ ਦੁਖਤਰਾਨ-ਏ-ਮਿਲਤ (ਡੀ.ਈ.ਐੱਮ.) ਦੀ ਸਥਾਪਨਾ ਕਰਨ ਵਾਲੀ ਅੰਦਰਾਬੀ ਨੂੰ ਅਪ੍ਰੈਲ 2018 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਸਮੂਹ ਉਤੇ ਪਾਬੰਦੀ ਲਗਾ ਦਿਤੀ ਗਈ ਸੀ।