ਮੈਂ ਨਹੀਂ, ਰਾਹੁਲ ਕਰ ਰਹੇ ਨੇ ਮੋਦੀ ਨਾਲ ਮੁਕਾਬਲਾ : ਪ੍ਰਿਯੰਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਾਰਟੀ ਕਾਰਕੁਨਾਂ ਨਾਲ ਚੱਲੀਆਂ ਲੰਮੀਆਂ ਬੈਠਕਾਂ ਤੋਂ ਬਾਅਦ ਬੁਧਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ......

Priyanka Gandhi

ਲਖਨਊ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਾਰਟੀ ਕਾਰਕੁਨਾਂ ਨਾਲ ਚੱਲੀਆਂ ਲੰਮੀਆਂ ਬੈਠਕਾਂ ਤੋਂ ਬਾਅਦ ਬੁਧਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ। ਮੰਗਲਵਾਰ ਨੂੰ ਜੈਪੁਰ ਤੋਂ ਪਰਤੀ ਪ੍ਰਿਯੰਕਾ ਨੇ ਬੀਤੀ ਰਾਤ ਵੱਖ-ਵੱਖ ਲੋਕ ਸਭਾ ਖੇਤਰਾਂ ਤੋਂ ਆਏ ਪਾਰਟੀ ਕਾਰਕੁਨਾਂ ਨਾਲ ਮੁਲਾਕਾਤ ਕੀਤੀ। ਲਗਭਗ 16 ਘੰਟੇ ਤਕ ਚੱਲੀਆਂ ਬੈਠਕਾਂ ਤੋਂ ਬਾਅਦ ਬੁਧਵਾਰ ਸਵੇਰੇ ਲਗਭਗ ਸਾਢੇ ਪੰਜ ਵਜੇ ਪੱਤਰਕਾਰਾਂ ਨਾਲ ਗੱਲਬਾਤ 'ਚ ਜਦੋਂ ਪ੍ਰਿਯੰਕਾ ਤੋਂ ਪੁਛਿਆ ਗਿਆ ਕਿ ਕੀ ਉਨ੍ਹਾਂ ਦਾ ਮੁਕਾਬਲਾ ਪ੍ਰਧਾਨ ਮੰਤਰੀ ਮੋਦੀ ਨਾਲ ਹੋਵੇਗਾ?

ਤਾਂ ਉਨ੍ਹਾਂ ਕਿਹਾ, ''ਕਰ ਤਾਂ ਰਹੇ ਨੇ ਰਾਹੁਲ ਜੀ ਮੋਦੀ ਨਾਲ ਮੁਕਾਬਲਾ।'' ਅਪਣੇ ਪਤੀ ਰਾਬਰਟ ਵਾਡਰਾ ਤੋਂ ਈ.ਡੀ. ਦੀ ਪੁੱਛ-ਪੜਤਾਲ 'ਤੇ ਵੀ ਪ੍ਰਿਯੰਕਾ ਨੇ ਚੁੱਪੀ ਤੋੜੀ। ਉਨ੍ਹਾ ਕਿਹਾ, ''ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਹਨ। ਮੈਂ ਅਪਣਾ ਕੰਮ ਕਰਦੀ ਰਹਾਂਗੀ। ਮੈਨੂੰ ਬਿਲਕੁਲ ਫ਼ਰਕ ਨਹੀਂ ਪੈਂਦਾ।'' ਪਾਰਟੀ ਕਾਰਕੁਨਾਂ ਨਾਲ ਬੈਠਕ ਬਾਰੇ ਪ੍ਰਿਯੰਕਾ ਨੇ ਕਿਹਾ, ''ਮੈਂ ਸੰਗਠਨ ਬਾਰੇ ਇਹ ਜਾਣਕਾਰੀ ਲੈ ਰਹੀ ਹਾਂ ਕਿ ਉਸ ਦਾ ਢਾਂਚਾ ਕਿਸ ਤਰ੍ਹਾਂ ਦਾ ਹੈ ਅਤੇ ਉਸ 'ਚ ਕਿਹੜੀਆਂ ਕਿਹੜੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ। ਮੈਂ ਲੋਕਾਂ ਦੀ ਇਸ ਬਾਰੇ ਸਲਾਹ ਸੁਣ ਰਹੀ ਹਾਂ ਕਿ ਉਨ੍ਹਾਂ ਮੁਤਾਬਕ ਕਿਸ ਤਰ੍ਹਾਂ ਚੋਣ ਲੜੀ ਜਾਵੇ।  

ਪ੍ਰਿਯੰਕਾ ਨੇ ਬੁਧਵਾਰ ਨੂੰ ਕਰਮਚਾਰੀ ਸੰਗਠਨਾਂ ਦੇ ਵਫ਼ਦ ਨਾਲ ਵੀ ਮੁਲਾਕਾਤ ਕੀਤੀ ਅਤੇ ਪੁਰਾਣੀ ਪੈਨਸ਼ਨ ਵਿਵਸਥਾ ਬਹਾਲੀ ਦੇ ਮੁੱਦੇ ਨੂੰ ਅਗਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਐਲਾਨਨਾਮੇ 'ਚ ਸ਼ਾਮਲ ਕਰਨ ਦਾ ਭਰੋਸਾ ਦਿਤਾ। ਪ੍ਰਿਯੰਕਾ ਨੇ ਲੋਕ ਸਭਾਵਾਰ ਮੈਰਾਥਨ ਬੈਠਕਾਂ ਦੇ ਸਿਲਸਿਲੇ 'ਚ ਮੰਗਲਵਾਰ ਰਾਤ ਲਗਭਗ ਸਾਢੇ ਗਿਆਰਾਂ ਵਜੇ ਅਮੇਠੀ ਸੰਸਦੀ ਖੇਤਰ ਦੇ ਆਗੂਆਂ ਅਤੇ ਕਾਰਕੁਨਾਂ ਨਾਲ ਗੱਲਬਾਤ 'ਚ ਹਰ ਸਮੱਸਿਆ ਦੇ ਜਵਾਬ 'ਚ ਕਿਹਾ, ''ਮੈਂ ਹਾਂ ਨਾ, ਹੁਣ ਮੈਂ ਵੇਖਾਂਗੀ।''  (ਪੀਟੀਆਈ)