ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਸਿਰ ਰੱਖਿਆ ਇੱਕ ਲੱਖ ਦਾ ਇਨਾਮ
ਲੱਖਾ ਸਿਧਾਣਾ 'ਤੇ 26 ਜਨਵਰੀ ਵਾਲੇ ਦਿਨ ਨੌਜਵਾਨਾਂ ਨੂੰ ਭੜਕਾਉਣ ਦੇ ਇਲਜ਼ਾਮ
ਨਵੀਂ ਦਿੱਲੀ: 26 ਜਨਵਰੀ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਸਿਰ ਇਕ ਲੱਖ ਦਾ ਇਨਾਮ ਰੱਖਿਆ ਹੈ। ਲੱਖਾ ਸਿਧਾਣਾ ਨੂੰ ਲੱਭਣ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਵਿਚ ਵੱਖ-ਵੱਖ ਥਾਈਂ ਛਾਪੇਮਾਰੀ ਕਰ ਰਹੀਆਂ ਹਨ।
ਦਰਅਸਲ ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ 'ਤੇ 26 ਜਨਵਰੀ ਵਾਲੇ ਦਿਨ ਨੌਜਵਾਨਾਂ ਨੂੰ ਭੜਕਾਉਣ ਦੇ ਇਲਜ਼ਾਮ ਲਗਾਏ ਗਏ ਹਨ। ਇਸ ਤੋਂ ਇਲਾਵਾ ਲੱਖਾ ਸਿਧਾਣਾ 'ਤੇ 20 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਦੱਸੇ ਜਾ ਰਹੇ ਹਨ।
ਖ਼ਬਰਾਂ ਮੁਤਾਬਕ ਲੱਖਾ ਸਿਧਾਣਾ ਨੇ 25 ਜਨਵਰੀ ਨੂੰ ਸਟੇਜ ਤੋਂ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਨੌਜਵਾਨ ਜਿੱਥੋਂ ਚਾਹੁੰਦੇ ਹਨ, ਟਰੈਕਟਰ ਪਰੇਡ ਉੱਥੋਂ ਹੀ ਨਿਕਲੇਗੀ। ਕਿਹਾ ਜਾ ਰਿਹਾ ਹੈ ਕਿ ਲੱਖਾ ਸਿਧਾਣਾ ਦਿੱਲੀ ਹਿੰਸਾ ਵਿਚ ਵੀ ਸ਼ਾਮਲ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਵੱਲੋਂ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ ਵਿਚ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਕਬਾਲ ਸਿੰਘ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਕਬਾਲ ਸਿੰਘ 'ਤੇ 50 ਹਜ਼ਾਰ ਦਾ ਇਨਾਮ ਰੱਖਿਆ ਗਿਆ ਸੀ।