ਪਹਿਲੀ ਵਾਰ ਅਡਾਨੀ ਮੁੱਦੇ 'ਤੇ ਬੋਲੇ ਅਮਿਤ ਸ਼ਾਹ, ਕਿਹਾ: ਲੁਕਾਉਣ ਵਾਲਾ ਕੁਝ ਨਹੀਂ ਤੇ ਨਾ ਹੀ BJP ਨੂੰ ਡਰਨ ਦੀ ਲੋੜ ਹੈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਜ਼ਾਰਾਂ ਸਾਜ਼ਿਸ਼ਾਂ ਦੇ ਬਾਵਜੂਦ ਸੱਚ ਸਾਹਮਣੇ ਆਉਂਦਾ ਹੈ। ਹਰ ਵਾਰ, ਮੋਦੀ ਜੀ ਮਜ਼ਬੂਤ ਅਤੇ ਵਧੇਰੇ ਪ੍ਰਸਿੱਧ ਹੋ ਕੇ ਉੱਭਰਦੇ ਹਨ।

Amit Shah

ਨਵੀਂ ਦਿੱਲੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਡਨਬਰਗ-ਅਡਾਨੀ ਵਿਵਾਦ 'ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੱਤਾ ਜਿਸ ਵਿਚ ਉਹਨਾਂ ਨੇ ਕਿਹਾ ਕਿ ਇਸ 'ਤੇ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ ਕਿਉਂਕਿ ਮਾਮਲਾ ਸੁਪਰੀਮ ਕੋਰਟ ਵਿਚ ਹੈ। ਪਰ ਇਹ ਜ਼ਰੂਰ ਕਹਾਂਗਾ ਕਿ ਭਾਜਪਾ ਲਈ ਇਸ ਵਿਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਡਰਨ ਦੀ ਕੋਈ ਲੋੜ ਨਹੀਂ ਹੈ। ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਨੇ ਭਾਜਪਾ 'ਤੇ ਅਡਾਨੀ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਸੰਸਦ ਤੋਂ ਸੜਕ ਤੱਕ ਪ੍ਰਦਰਸ਼ਨ ਵੀ ਕਰ ਚੁੱਕੇ ਹਨ।

ਵਿਰੋਧੀ ਧਿਰ ਸਿਰਫ਼ ਰੌਲਾ ਪਾਉਂਦਾ ਹੈ: ਕੇਂਦਰ ਸਰਕਾਰ ਵਿਰੋਧੀ ਧਿਰ ਵਿਰੁੱਧ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ, ਇਨ੍ਹਾਂ ਦੋਸ਼ਾਂ 'ਤੇ ਅਮਿਤ ਸ਼ਾਹ ਨੇ ਕਿਹਾ- ਉਹ (ਕਾਂਗਰਸ) ਅਦਾਲਤ ਕਿਉਂ ਨਹੀਂ ਜਾਂਦੇ? ਜਦੋਂ ਪੈਗਾਸਸ ਦਾ ਮੁੱਦਾ ਉਠਾਇਆ ਗਿਆ, ਮੈਂ ਉਨ੍ਹਾਂ ਨੂੰ ਸਬੂਤ ਦੇ ਨਾਲ ਅਦਾਲਤ ਵਿਚ ਜਾਣ ਲਈ ਕਿਹਾ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਹ 2002 ਤੋਂ ਪੀਐੱਮ ਮੋਦੀ ਦੇ ਪਿੱਛੇ ਹਨ। ਹਜ਼ਾਰਾਂ ਸਾਜ਼ਿਸ਼ਾਂ ਦੇ ਬਾਵਜੂਦ ਸੱਚ ਸਾਹਮਣੇ ਆਉਂਦਾ ਹੈ। ਹਰ ਵਾਰ, ਮੋਦੀ ਜੀ ਮਜ਼ਬੂਤ ਅਤੇ ਵਧੇਰੇ ਪ੍ਰਸਿੱਧ ਹੋ ਕੇ ਉੱਭਰਦੇ ਹਨ।

ਭਾਜਪਾ ਦਾ ਕੋਈ ਮੁਕਾਬਲਾ ਨਹੀਂ: ਮੇਰਾ ਮੰਨਣਾ ਹੈ ਕਿ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਲਈ ਕੋਈ ਮੁਕਾਬਲਾ ਨਹੀਂ ਹੈ। ਪੀਐਮ ਮੋਦੀ ਨੂੰ ਜਨਤਾ ਦਾ ਪੂਰਾ ਸਮਰਥਨ ਮਿਲਿਆ ਹੈ। ਦੇਸ਼ ਮੋਦੀ ਨਾਲ ਇਕਪਾਸੜ ਢੰਗ ਨਾਲ ਅੱਗੇ ਵਧ ਰਿਹਾ ਹੈ। ਇਹ ਫੈਸਲਾ ਦੇਸ਼ ਦੀ ਜਨਤਾ ਨੇ ਲੈਣਾ ਹੈ, ਹੁਣ ਤੱਕ ਜਨਤਾ ਨੇ ਲੋਕ ਸਭਾ ਵਿਚ ਮੁੱਖ ਵਿਰੋਧੀ ਪਾਰਟੀ ਦਾ ਲੇਬਲ ਕਿਸੇ ਨੂੰ ਨਹੀਂ ਦਿੱਤਾ ਹੈ।

ਖਾਲਿਸਤਾਨ ਦਾ ਮੁੱਦਾ ਨਹੀਂ ਵਧਣ ਦਿੱਤਾ ਜਾਵੇਗਾ: ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਇਸ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ, ਇਸ ਮੁੱਦੇ 'ਤੇ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਕੀਤੀ ਹੈ। ਵੱਖ-ਵੱਖ ਏਜੰਸੀਆਂ ਵਿਚਕਾਰ ਚੰਗਾ ਤਾਲਮੇਲ ਹੈ। ਮੈਨੂੰ ਯਕੀਨ ਹੈ ਕਿ ਅਸੀਂ ਇਸ ਨੂੰ ਅੱਗੇ ਨਹੀਂ ਵਧਣ ਦੇਵਾਂਗੇ।