ਵਿਦੇਸ਼ 'ਚ ਸੈਮੀਨਾਰ ਦਾ ਲਾਲਚ ਦੇ ਕੇ ਸਾਈਬਰ ਠੱਗ ਨੇ ਨਾਮਵਰ ਡਾਕਟਰਾਂ ਤੋਂ ਠੱਗੇ 5 ਕਰੋੜ ਰੁਪਏ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਈਬਰ ਪੁਲਿਸ ਨੂੰ 30 ਕਰੋੜ ਦੀ ਠੱਗੀ ਦਾ ਸ਼ੱਕ, ਲਪੇਟ 'ਚ ਆਏ 18 ਡਾਕਟਰ 

Representational Image

 

ਨੋਇਡਾ - ਵਿਸ਼ਵ ਪੱਧਰ 'ਤੇ ਸੈਮੀਨਾਰ ਕਰਵਾਉਣ ਦੇ ਨਾਂ 'ਤੇ ਇੱਕ ਸਾਈਬਰ ਠੱਗ ਨੇ 18 ਤੋਂ ਵੱਧ ਨਾਮੀ ਡਾਕਟਰਾਂ ਨਾਲ ਕਥਿਤ ਤੌਰ 'ਤੇ 5 ਕਰੋੜ ਰੁਪਏ ਦੀ ਠੱਗੀ ਮਾਰੀ ਹੈ।

ਸਾਈਬਰ ਕ੍ਰਾਈਮ ਸਟੇਸ਼ਨ ਦੀ ਇੰਚਾਰਜ ਇੰਸਪੈਕਟਰ ਰੀਤਾ ਯਾਦਵ ਨੇ ਦੱਸਿਆ ਕਿ 22 ਜੂਨ, 2022 ਨੂੰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਦੇ ਕਾਰਡੀਓਲੋਜਿਸਟ ਡਾਕਟਰ ਮਹਿਕਰ ਸਿੰਘ ਖਾਰੀ ਨੇ ਸ਼ਿਕਾਇਤ ਕੀਤੀ ਸੀ ਕਿ ਵਿਸ਼ਾਲ ਪਾਂਡੇ ਨਾਂਅ ਦੇ ਵਿਅਕਤੀ ਨੇ ਦੁਬਈ 'ਚ ਸੈਮੀਨਾਰ 'ਚ ਹਿੱਸਾ ਲੈਣ ਬਦਲੇ ਉਨ੍ਹਾਂ ਕੋਲੋਂ ਅਲੱਗ-ਅਲੱਗ ਸਮੇਂ 18.72 ਲੱਖ ਰੁਪਏ ਦੀ ਠੱਗੀ ਮਾਰੀ। ਸ਼ਿਕਾਇਤਕਰਤਾ ਅਨੁਸਾਰ ਵਿਸ਼ਾਲ ਨੇ ਪੈਸੇ ਪੇਟੀਐਮ, ਫੋਨ-ਪੇ ਅਤੇ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫ਼ਰ ਕਰਵਾਏ ਸੀ।

ਯਾਦਵ ਨੇ ਦੱਸਿਆ ਕਿ ਪੁਲਿਸ ਨੇ ਵਿਸ਼ਾਲ ਨੂੰ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਵਰਧਮਾਨ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਅਤੇ ਅੱਜ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਨੋਇਡਾ ਲਿਆਂਦਾ। ਉਸ ਨੇ ਦੱਸਿਆ ਕਿ ਵਿਸ਼ਾਲ ਇੱਕ 'ਮੈਡੀਕਲ ਰਿਪ੍ਰੈਜ਼ੈਂਟੇਟਿਵ' ਹੈ ਅਤੇ ਉਸ ਨੇ ਉੱਤਰ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਪੱਛਮੀ ਬੰਗਾਲ ਦੇ ਚੋਟੀ ਦੇ ਡਾਕਟਰਾਂ ਨੂੰ ਵਿਦੇਸ਼ ਵਿੱਚ ਵਿਸ਼ਵ ਪੱਧਰੀ ਸੈਮੀਨਾਰਾਂ ਵਿੱਚ ਸ਼ਾਮਲ ਹੋਣ ਦਾ ਲਾਲਚ ਦੇ ਕੇ ਧੋਖਾ ਦਿੱਤਾ ਹੈ।

ਪੁਲਿਸ ਅਨੁਸਾਰ ਵਿਸ਼ਾਲ ਆਪਣੀ ਪਛਾਣ ਲੁਕੋ ਕੇ ਦਸੰਬਰ 2021 ਤੋਂ ਵੱਖ-ਵੱਖ ਰਾਜਾਂ ਦੇ ਡਾਕਟਰਾਂ ਨਾਲ ਧੋਖਾਧੜੀ ਕਰ ਰਿਹਾ ਸੀ। ਉਨ੍ਹਾਂ ਅਨੁਸਾਰ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਵਿਸ਼ਾਲ ਨੇ 18 ਡਾਕਟਰਾਂ ਨਾਲ ਪੰਜ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਪਹਿਲਾਂ ਲਖਨਊ ਤੋਂ ਜੇਲ੍ਹ ਵੀ ਜਾ ਚੁੱਕਿਆ ਹੈ।

ਸਾਈਬਰ ਕ੍ਰਾਈਮ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਨੋਇਡਾ ਤੋਂ ਇਲਾਵਾ ਲਖਨਊ ਅਤੇ ਹੈਦਰਾਬਾਦ ਦੇ ਕੁਝ ਡਾਕਟਰਾਂ ਨੇ ਵੀ ਸਾਈਬਰ ਪੁਲਿਸ ਕੋਲ ਪਹੁੰਚ ਕੀਤੀ ਹੈ ਅਤੇ ਪੁਲਿਸ ਨੂੰ 30 ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਜ਼ਿਲ੍ਹਾ ਗੌਤਮ ਬੁੱਧ ਨਗਰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।