ਝਾਰਖੰਡ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਦਾ ਦੂਜਾ ਪੜਾਅ ਰੱਦ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਨੇਤਾ ਕੌਮੀ ਰਾਜਧਾਨੀ ’ਚ ਕਿਸਾਨ ਅੰਦੋਲਨ ’ਚ ਹਿੱਸਾ ਲੈਣ ਲਈ ਰਵਾਨਾ

Rahul Gandhi

ਰਾਂਚੀ: ਝਾਰਖੰਡ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਦਾ ਦੂਜਾ ਪੜਾਅ ਰੱਦ ਕਰ ਦਿਤਾ ਗਿਆ ਹੈ। ਪਾਰਟੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪਾਰਟੀ ਸੂਤਰਾਂ ਨੇ ਦਸਿਆ ਕਿ ਪ੍ਰੋਗਰਾਮ ਰੱਦ ਕਰ ਦਿਤਾ ਗਿਆ ਹੈ ਕਿਉਂਕਿ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਕੌਮੀ ਰਾਜਧਾਨੀ ’ਚ ਕਿਸਾਨ ਅੰਦੋਲਨ ’ਚ ਹਿੱਸਾ ਲੈਣ ਲਈ ਰਵਾਨਾ ਹੋ ਗਏ ਹਨ।

ਗੜ੍ਹਵਾ ਜ਼ਿਲ੍ਹੇ ਦੇ ਰੰਕਾ ਵਿਖੇ ਮਨਰੇਗਾ ਮਜ਼ਦੂਰਾਂ ਨਾਲ ਨਿਰਧਾਰਤ ਗੱਲਬਾਤ ਹੁਣ ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਅਤੇ ਪਾਰਟੀ ਦੇ ਹੋਰ ਨੇਤਾ ਕਰਨਗੇ। ਰਾਹੁਲ ਗਾਂਧੀ ਨੇ ਬੁਧਵਾਰ ਨੂੰ ਛੱਤੀਸਗੜ੍ਹ ਤੋਂ ਰਵਾਨਾ ਹੋਣਾ ਸੀ ਅਤੇ ਸੂਬੇ ’ਚ ਅਪਣੇ ਦੌਰੇ ਦੇ ਦੂਜੇ ਪੜਾਅ ਲਈ ਗੜ੍ਹਵਾ ਜ਼ਿਲ੍ਹੇ ਦੇ ਰਸਤੇ ਝਾਰਖੰਡ ਵਿਚ ਦੁਬਾਰਾ ਦਾਖਲ ਹੋਣਾ ਸੀ।

ਕਾਂਗਰਸ ਦੇ ਬੁਲਾਰੇ ਸੋਨਲ ਸ਼ਾਂਤੀ ਨੇ ਦਸਿਆ ਕਿ ਮੰਗਲਵਾਰ ਦੇਰ ਰਾਤ ਲਏ ਗਏ ਫੈਸਲੇ ਅਨੁਸਾਰ ਝਾਰਖੰਡ ’ਚ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿਤੇ ਗਏ ਹਨ। ਸ਼ਾਂਤੀ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਯਾਤਰਾ ਬਾਅਦ ’ਚ ਝਾਰਖੰਡ ’ਚ ਮੁੜ ਸ਼ੁਰੂ ਹੋਵੇਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਝਾਰਖੰਡ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜੇਸ਼ ਠਾਕੁਰ, ਝਾਰਖੰਡ ਇੰਚਾਰਜ ਗੁਲਾਮ ਅਹਿਮਦ ਮੀਰ, ਐਨ.ਐਸ.ਯੂ.ਆਈ. ਇੰਚਾਰਜ ਕਨ੍ਹਈਆ ਕੁਮਾਰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਹੁਣ ਬੁਧਵਾਰ ਨੂੰ ਰੰਕਾ ’ਚ ਮਨਰੇਗਾ ਮਜ਼ਦੂਰਾਂ ਨਾਲ ਨਿਰਧਾਰਤ ਗੱਲਬਾਤ ’ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਵਾਲੇ ਸਨ।

ਰਾਹੁਲ ਨੇ ਜ਼ਖਮੀ ਕਿਸਾਨ ਨਾਲ ਫੋਨ ’ਤੇ ਗੱਲ ਕੀਤੀ, ਅੰਦੋਲਨ ਦਾ ਸਮਰਥਨ ਕੀਤਾ 

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਸਾਨਾਂ ਦੇ ‘ਦਿੱਲੀ ਚਲੋ ਮਾਰਚ’ ਦੌਰਾਨ ਪੁਲਿਸ ਕਾਰਵਾਈ ’ਚ ਕਥਿਤ ਤੌਰ ’ਤੇ ਜ਼ਖਮੀ ਹੋਏ ਇਕ ਕਿਸਾਨ ਨਾਲ ਫੋਨ ’ਤੇ ਗੱਲ ਕੀਤੀ ਅਤੇ ਅੰਦੋਲਨ ਨੂੰ ਅਪਣਾ ਸਮਰਥਨ ਦਿਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪੁਰਾ ਦੇ ਇਕ ਹਸਪਤਾਲ ਦਾ ਦੌਰਾ ਕੀਤਾ, ਜਿੱਥੋਂ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਜ਼ਖਮੀ ਕਿਸਾਨ ਗੁਰਮੀਤ ਸਿੰਘ ਨਾਲ ਫੋਨ ’ਤੇ ਗੱਲ ਕਰਵਾਈ। ਗੁਰਮੀਤ ਸਿੰਘ ਦਾ ਰਾਜਪੁਰਾ ਦੇ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਰਾਹੁਲ ਗਾਂਧੀ ਨੇ ਇਸ ਗੱਲਬਾਤ ਦਾ ਵੀਡੀਉ ਅਪਣੇ ਵਟਸਐਪ ਚੈਨਲ ’ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਕਿਹਾ, ‘‘ਮੈਂ ਸਾਬਕਾ ਫ਼ੌਜੀ ਗੁਰਮੀਤ ਸਿੰਘ ਜੀ ਨਾਲ ਗੱਲ ਕੀਤੀ, ਜੋ ਕਿਸਾਨ ਅੰਦੋਲਨ ਦੌਰਾਨ ਪੁਲਿਸ ਤਸ਼ੱਦਦ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਸਿਹਤ ਬਾਰੇ ਪੁਛਿਆ ਅਤੇ ਹੱਕ ਦੀਆਂ ਮੰਗਾਂ ਲਈ ਸ਼ਾਂਤਮਈ ਅੰਦੋਲਨ ਲਈ ਅਪਣਾ ਸਮਰਥਨ ਜ਼ਾਹਰ ਕੀਤਾ।’’

ਰਾਹੁਲ ਗਾਂਧੀ ਨੇ ਕਿਹਾ, ‘‘ਉਹ ਜਵਾਨ ਵੀ ਸਨ ਅਤੇ ਕਿਸਾਨ ਵੀ ਹਨ। ਉਨ੍ਹਾਂ ਦੀ ਸ਼ਲਾਘਾ ਕਰਨ ਦੀ ਬਜਾਏ ਮੋਦੀ ਸਰਕਾਰ ਦਾ ਦੇਸ਼ ਦੇ ਰਖਵਾਲੇ ਅਤੇ ਅੰਨਦਾਤਾ ਪ੍ਰਤੀ ਇਹ ਤਾਨਾਸ਼ਾਹੀ ਰਵੱਈਆ ਲੋਕਤੰਤਰ ਨੂੰ ਸ਼ਰਮਸਾਰ ਕਰ ਰਿਹਾ ਹੈ।’’