Tribute to Pulwama jawans: ਪੀਐਮ ਮੋਦੀ ਨੇ ਪੁਲਵਾਮਾ ਦੇ ਜਵਾਨਾਂ ਨੂੰ ਦਿਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

Tribute to Pulwama jawans: ਕਿਹਾ, ‘ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਣਗੀਆਂ’ 

PM Modi pays tribute to Pulwama jawans

 

Tribute to Pulwama jawans: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਜੰਮੂ ਅਤੇ ਕਸ਼ਮੀਰ ਵਿਚ 2019 ਦੇ ਪੁਲਵਾਮਾ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ਼ ਦੇ 40 ਜਵਾਨਾਂ ਨੂੰ ਸ਼ਰਧਾਂਜਲੀ ਦਿਤੀ। ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘2019 ਵਿਚ ਪੁਲਵਾਮਾ ’ਚ ਅਸੀਂ ਜਿਨ੍ਹਾਂ ਦਲੇਰ ਨਾਇਕਾਂ ਨੂੰ ਗੁਆਇਆ ਹੈ, ਉਨ੍ਹਾਂ ਨੂੰ ਸ਼ਰਧਾਂਜਲੀ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਕੁਰਬਾਨੀ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਨੂੰ ਕਦੇ ਨਹੀਂ ਭੁੱਲਣਗੀਆਂ।’’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਹਮਲੇ ਨੂੰ ‘ਅਤਿਵਾਦ ਦੀ ਕਾਇਰਤਾਪੂਰਨ ਕਾਰਵਾਈ’ ਕਰਾਰ ਦਿੰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਮੈਂ ਸ਼ੁਕਰਗੁਜ਼ਾਰ ਰਾਸ਼ਟਰ ਤਰਫੋਂ, 2019 ਵਿਚ ਅੱਜ ਦੇ ਦਿਨ ਪੁਲਵਾਮਾ ਵਿਚ ਹੋਏ ਭਿਆਨਕ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਅਤਿਵਾਦ ਸਮੁੱਚੀ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਪੂਰੀ ਦੁਨੀਆ ਇਸ ਵਿਰੁਧ ਇਕਜੁੱਟ ਹੈ। ਭਾਵੇਂ ਸਰਜੀਕਲ ਸਟ੍ਰਾਈਕ ਹੋਵੇ ਜਾਂ ਹਵਾਈ ਹਮਲੇ, ਮੋਦੀ ਸਰਕਾਰ ਉਨ੍ਹਾਂ ਵਿਰੁਧ ‘ਜ਼ੀਰੋ ਟੋਲਰੈਂਸ’ ਦੀ ਨੀਤੀ ਨਾਲ ਮੁਹਿੰਮ ਚਲਾ ਕੇ ਅਤਿਵਾਦੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਦ੍ਰਿੜ ਹੈ।’’

ਜ਼ਿਕਰਯੋਗ ਹੈ ਕਿ 14 ਫ਼ਰਵਰੀ, 2019 ਨੂੰ ਇਕ ਆਤਮਘਾਤੀ ਹਮਲਾਵਰ ਨੇ ਸੀਆਰਪੀਐਫ਼ ਦੇ ਕਾਫ਼ਲੇ ਵਿਚ ਇਕ ਆਈਈਡੀ ਨਾਲ ਭਰੀ ਗੱਡੀ ਨਾਲ ਟੱਕਰ ਮਾਰ ਦਿਤੀ, ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ। ਹਮਲੇ ਤੋਂ ਕੁਝ ਦਿਨ ਬਾਅਦ, ਭਾਰਤੀ ਹਵਾਈ ਸੈਨਾ ਨੇ 26 ਫ਼ਰਵਰੀ, 2019 ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਕੈਂਪਾਂ ’ਤੇ ਕਈ ਹਵਾਈ ਹਮਲੇ ਕਰ ਕੇ ‘ਬਹੁਤ ਵੱਡੀ ਗਿਣਤੀ’ ਅਤਿਵਾਦੀਆਂ ਨੂੰ ਮਾਰ ਦਿਤਾ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿਤਾ।