ਭਾਰਤ-ਅਮਰੀਕਾ ਵਪਾਰ ਸਮਝੌਤਾ : ਨਰਮਾ ਕਿਸਾਨਾਂ ਅਤੇ ਕਪੜਾ ਨਿਰਯਾਤਕਾਂ ਨਾਲ ਧੋਖਾ ਕਰ ਰਹੀ ਹੈ ਸਰਕਾਰ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਕਪੜਾ ਮੰਤਰੀ ਗਿਰਿਰਾਜ ਸਿੰਘ ਨੇ ਰਾਹੁਲ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ

India-US trade deal: Government is cheating farmers and textile exporters: Rahul Gandhi

ਨਵੀਂ ਦਿੱਲੀ : ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਕੇਂਦਰ ਸਰਕਾਰ ਉਤੇ ਗੰਭੀਰ ਦੋਸ਼ ਲਗਾਇਆ ਕਿ ਅਮਰੀਕਾ ਨਾਲ ਹੋਇਆ ਅੰਤਰਿਮ ਵਪਾਰਕ ਸਮਝੌਤਾ ਭਾਰਤ ਦੇ ਕਪਾਹ ਕਿਸਾਨਾਂ ਅਤੇ ਕਪੜਾ ਨਿਰਯਾਤਕਾਰਾਂ ਨਾਲ ਧੋਖਾਧੜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਦੋਵੇਂ ਖੇਤਰਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।

ਰਾਹੁਲ ਨੇ ਦਾਅਵਾ ਕੀਤਾ ਕਿ ਇਸ ਸਮਝੌਤੇ ਨਾਲ ਬੰਗਲਾਦੇਸ਼ ਨੂੰ ਸਿਫ਼ਰ ਫ਼ੀ ਸਦੀ ਟੈਰਿਫ਼ ਦਾ ਲਾਭ ਮਿਲ ਰਿਹਾ ਹੈ, ਜਿਸ ਨਾਲ ਭਾਰਤ ਦਾ ਕਪੜਾ ਖੇਤਰ ਜਾਂ ਤਾਂ ਖਤਮ ਹੋ ਜਾਵੇਗਾ ਜਾਂ ਕਪਾਹ ਖੇਤੀ ਬਰਬਾਦ ਹੋਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਕਿ ਸਰਕਾਰ ਨੇ ਨਾ ਤਾਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ ਅਤੇ ਨਾ ਹੀ ਨਿਰਯਾਤਕਾਰਾਂ ਦੀ।

ਰਾਹੁਲ ਨੇ ਉਦਾਹਰਨ ਦੇ ਕੇ ਕਿਹਾ, “ਭਾਰਤੀ ਕਪੜਿਆਂ ਉਤੇ 18% ਟੈਰਿਫ਼ ਲਗਾਇਆ ਗਿਆ ਹੈ ਜਦਕਿ ਬੰਗਲਾਦੇਸ਼ ਨੂੰ 0% ਟੈਰਿਫ਼ ਦੀ ਛੋਟ ਮਿਲ ਰਹੀ ਹੈ। ਜੇ ਅਸੀਂ ਵੀ ਇਹ ਲਾਭ ਲੈਣਾ ਚਾਹੀਏ ਤਾਂ ਅਮਰੀਕੀ ਕਪਾਹ ਆਯਾਤ ਕਰਨੀ ਪਵੇਗੀ, ਜਿਸ ਨਾਲ ਸਾਡੇ ਕਿਸਾਨ ਤਬਾਹ ਹੋ ਜਾਣਗੇ।’’

ਇਸ ਉਤੇ ਕੇਂਦਰੀ ਕਪੜਾ ਮੰਤਰੀ ਗਿਰਿਰਾਜ ਸਿੰਘ ਨੇ ਵਾਪਸੀ ਹਮਲਾ ਕਰਦਿਆਂ ਰਾਹੁਲ ਗਾਂਧੀ ਉਤੇ ਤੱਥਾਂ ਦੀ ਗਲਤ ਪੇਸ਼ਕਾਰੀ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਇਕ ਸੰਤੁਲਿਤ ਅਤੇ ਵਧੀਆ ਵਪਾਰਕ ਸਮਝੌਤਾ ਕੀਤਾ ਹੈ, ਜੋ ਉਦਯੋਗ ਦੇ ਵਿਕਾਸ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਦਾ ਕਪੜਾ ਉਦਯੋਗ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਵੰਨ-ਸੁਵੰਨਾ ਹੈ।’’

ਹਾਲਾਂਕਿ ਰਾਹੁਲ ਨੇ ਚੇਤਾਵਨੀ ਦਿਤੀ ਕਿ ਜੇ ਅਮਰੀਕੀ ਕਪਾਹ ਆਯਾਤ ਕੀਤੀ ਗਈ ਤਾਂ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ਖਤਰੇ ਵਿਚ ਪੈ ਜਾਵੇਗੀ ਅਤੇ ਜੇ ਨਾ ਕੀਤੀ ਤਾਂ ਕਪੜਾ ਉਦਯੋਗ ਪਿੱਛੇ ਰਹਿ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਕਰੋੜਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਲੱਖਾਂ ਪਰਵਾਰ ਾਂ ਨੂੰ ਬੇਰੋਜ਼ਗਾਰੀ ਅਤੇ ਆਰਥਕ ਸੰਕਟ ਵਿਚ ਧੱਕਣ ਦੇ ਬਰਾਬਰ ਹੈ। ਰਾਹੁਲ ਨੇ ਇਸ ਸਮਝੌਤੇ ਨੂੰ “ਸਰੰਡਰ’’ ਕਰਾਰ ਦਿੰਦਿਆਂ ਕਿਹਾ ਕਿ ਇਹ ਜਾਂ ਤਾਂ ਕਪੜਾ ਖੇਤਰ ਨੂੰ ਮਾਰ ਦੇਵੇਗਾ ਜਾਂ ਕਪਾਹ ਖੇਤੀ ਨੂੰ।