ਕਠੂਆ ਬਲਾਤਕਾਰ ਮਾਮਲਾ : ਪੀੜਤਾ ਤੇ ਗ਼ਲਤ ਟਿੱਪਣੀ ਕਰਨ ਵਾਲੇ ਬੈਕ ਕਰਮਚਾਰੀ ਨੂੰ ਨੌਕਰੀ ਤੋਂ ਕੱਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਪਾਸੇ ਜਿਥੇ ਦੇਸ਼ ਵਿਚ ਕਠੂਆ ਬਲਾਤਕਾਰ ਅਤੇ ਕਤਲ ਕੇਸ ਨੂੰ ਲੈ ਕੇ ਗ਼ੁੱਸੇ ਦਾ ਮਾਹੌਲ ਹੈ, ਉਥੇ ਹੀ ਦੂਜੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ ਜੋ ਅਜਿਹੀਆਂ...

kathua rape case

ਮੁੰਬਈ : ਇਕ ਪਾਸੇ ਜਿਥੇ ਦੇਸ਼ ਵਿਚ ਕਠੂਆ ਬਲਾਤਕਾਰ ਅਤੇ ਕਤਲ ਕੇਸ ਨੂੰ ਲੈ ਕੇ ਗ਼ੁੱਸੇ ਦਾ ਮਾਹੌਲ ਹੈ, ਉਥੇ ਹੀ ਦੂਜੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ 'ਤੇ ਵੀ ਭੱਦੀ ਕਮੇਂਟਬਾਜੀ ਤੋਂ ਬਾਜ ਨਹੀਂ ਆ ਰਹੇ ਹਨ। ਦਰਅਸਲ, ਪ੍ਰਾਈਵੇਟ ਖੇਤਰ ਦੀ ਕੋਟਕ ਮਹਿੰਦਰਾ ਬੈਂਕ ਦੇ ਇਕ ਕਰਮਚਾਰੀ ਨੇ ਕਠੂਆ ਮਾਮਲੇ ਉਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਬੈਂਕ ਨੇ ਉਸ ਨੂੰ ਬਰਖ਼ਾਸਤ ਕਰ ਦਿਤਾ। ਦਰਅਸਲ, ਕੋਟਕ ਮਹਿੰਦਰਾ ਬੈਂਕ ਨੇ 8 ਸਾਲ ਦੀ ਕਠੂਆ ਬਲਾਤਕਾਰ ਪੀੜਤ ਦੇ ਬਾਰੇ ਵਿਚ ਸੋਸ਼ਲ ਮੀਡੀਆ ਉਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਅਪਣੇ ਕਰਮਚਾਰੀ ਨੂੰ ਉਸ ਦਿਨ ਹੀ ਬਰਖ਼ਾਸਤ ਕਰ ਦਿਤਾ।  

ਬੈਂਕ ਨੇ ਦਸਿਆ ਕਿ ਉਹ ਕੋਚੀ ਸਥਿਤ ਅਪਣੇ ਬੈਂਕ ਦੇ ਸਹਾਇਕ ਮੈਂਨੇਜਰ ਵਿਸ਼ਨੂੰ ਨੰਦੁਕੁਮਾਰ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ਬੈਂਕ ਦੇ ਬੁਲਾਰੇ ਰੋਹਿਤ ਰਾਉ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਦੇ ਬਾਰੇ ਵਿਚ ਕਿਸੇ ਦੇ ਦੁਆਰਾ ਚਾਹੇ ਉਹ ਬੈਂਕ ਦਾ ਕਰਮਚਾਰੀ ਹੀ ਕਿਉਂ ਨਾ ਹੋਵੇ, ਅਜਿਹੀ ਟਿੱਪਣੀ ਕਰਦੇ ਦੇਖਣਾ ਬੇਹੱਦ ਦੁਖਦ ਹੈ। ਉਨ੍ਹਾਂ ਕਿਹਾ ਕਿ ‘ਅਸੀਂ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਨੰਦੁਕੁਮਾਰ ਨੂੰ 11 ਅਪ੍ਰੈਲ ਨੂੰ ਨੌਕਰੀ ਤੋਂ ਕੱਢ ਦਿਤਾ ਹੈ। ਬੈਂਕ ਨੇ ਕਿਹਾ ਕਿ ਅਸੀ ਅਜਿਹੀ ਘਟਨਾ ਦੀ ਕੜੀ ਨਿੰਦਿਆ ਕਰਦੇ ਹਾਂ। 

ਨੰਦੁਕੁਮਾਰ ਨੇ ਅੱਠ ਸਾਲ ਦੀ ਬਲਾਤਕਾਰ ਪੀੜਤ ਦੇ ਕਤਲ ਨੂੰ ਕਥਿਤ ਤੌਰ 'ਤੇ ਠੀਕ ਦਸਦੇ ਹੋਏ ਲਿਖਿਆ ਸੀ ਕਿ ਉਹ ਵੱਡੀ ਹੋ ਕੇ ਅਤਿਵਾਦੀ ਬਣ ਸਕਦੀ ਸੀ। ਅਪਣੇ ਫ਼ੇਸਬੁੱਕ ਪੋਸਟ ਵਿਚ ਵਿਸ਼ਨੂੰ ਨੰਦੁਕੁਮਾਰ ਨੇ 8 ਸਾਲ ਦੀ ਬੱਚੀ ਦੇ ਕਤਲ ਅਤੇ ਬਲਾਤਕਾਰ ਮਾਮਲੇ ਉਤੇ ਲਿਖਿਆ ਕਿ ‘ਉਸ ਨੂੰ ਅਜੇ ਇਸ ਉਮਰ ਵਿਚ ਮਾਰ ਦੇਣਾ ਚੰਗਾ ਸੀ, ਨਹੀਂ ਤਾਂ ਕੱਲ ਨੂੰ ਉਹ ਭਾਰਤ ਵਿਰੁਧ ਮਨੁੱਖੀ ਬੰਬ ਬਣ ਸਕਦੀ ਸੀ। ਦਸ ਦੇਈਏ ਕਿ ਉਸ ਨੇ ਇਹ ਕੁਮੇਂਟ ਮਲਯਾਲਮ ਵਿਚ ਕੀਤਾ ਸੀ। ਹਾਲਾਂਕਿ, ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਪੋਸਟ ਉਸ ਨੇ ਕਦੋਂ ਕੀਤੀ, ਪਰ ਬੈਂਕ ਕਰਮਚਾਰੀ ਦਾ ਇਹ ਪੋਸਟ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਗਿਆ ਅਤੇ ਫਿਰ ਲੋਕ ਬੈਂਕ ਦੇ ਫੇਸਬੁੱਕ ਪੇਜ ਉਤੇ ਇਸ ਦੀ ਬਰਖ਼ਾਸਤਗੀ ਦੀ ਮੰਗ ਕਰਨ ਲੱਗੇ।