ਮੋਦੀ ਵਲੋਂ 'ਆਯੁਸ਼ਮਾਨ ਭਾਰਤ ਯੋਜਨਾ' ਤਹਿਤ ਪਹਿਲੇ ਸਿਹਤ ਕੇਂਦਰ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਇੱਥੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਪਹਿਲੇ ਸਿਹਤ ਕੇਂਦਰ ਦਾ ਉਦਘਾਟਨ ਕੀਤਾ।

Modi inaugurates first health center under 'Ayushman Bharat Plan'

ਜਾਂਗਲਾ (ਬੀਜਾਪੁਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਇੱਥੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਪਹਿਲੇ ਸਿਹਤ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਬਸਤਰ ਇੰਟਰਨੈਟ ਯੋਜਨਾ ਦੇ ਪਹਿਲੇ ਪੜਾਅ ਦੀ ਵੀ ਸ਼ੁਰੂਆਤ ਕੀਤੀ, ਜਿਸ ਤਹਿਤ ਆਦਿਵਾਸੀ ਖੇਤਰ ਦੇ ਸੱਤ ਜ਼ਿਲ੍ਹਿਆਂ ਵਿਚ ਫਾਈਬਰ ਆਪਟੀਕਸ ਕੇਬਲ ਦੇ 40 ਹਜ਼ਾਰ ਕਿਲੋਮੀਟਰ ਲੰਬੇ ਨੈੱਟਵਰਕ ਨੂੰ ਵਿਛਾਇਆ ਜਾਵੇਗਾ। ਇਹ ਜ਼ਿਲ੍ਹੇ ਬੀਜਾਪੁਰ, ਨਾਰਾਇਣਪੁਰ, ਬਸਤਰ, ਕਾਂਕੇਰ, ਕੋਂਡਾਗਾਉਂ, ਸੁਕਮਾ ਅਤੇ ਦੰਤੇਵਾੜਾ ਹਨ। 

ਦਸ ਦਈਏ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਮੋਦੀ ਦਾ ਛੱਤੀਸਗੜ੍ਹ ਦਾ ਇਹ ਚੌਥਾ ਦੌਰਾ ਹੈ। ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਆਦਿਵਾਸੀ ਜ਼ਿਲ੍ਹੇ ਬੀਜਾਪੁਰ ਆਏ ਹਨ। ਇਸ ਦੌਰੇ ਨੂੰ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਛੱਤੀਸਗੜ੍ਹ ਵਿਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਉਹ ਮਈ 2015 ਵਿਚ ਦੰਤੇਵਾੜਾ, ਫ਼ਰਵਰੀ 2016 ਵਿਚ ਨਵਾਂ ਰਾਏਪੁਰ ਅਤੇ ਰਾਜਨੰਦਗਾਉਂ ਅਤੇ ਨਵੰਬਰ 2016 ਵਿਚ ਨਵਾਂ ਰਾਏਪੁਰ ਵਿਖੇ ਆਏ ਸਨ। 

ਇਸ ਮੌਕੇ ਉਨ੍ਹਾਂ ਨੇ ਗੁਦੁਮ ਅਤੇ ਭਾਨੂਪ੍ਰਤਾਪਪੁਰ ਵਿਚਕਾਰ ਇਕ ਨਵੀਂ ਰੇਲ ਲਾਈਨ ਅਤੇ ਇਕ ਯਾਤਰੀ ਟ੍ਰੇਨ ਦਾ ਵੀ ਉਦਘਾਟਨ ਕੀਤਾ, ਜਿਸ ਨਾਲ ਉੱਤਰ ਬਸਤਰ ਖੇਤਰ ਰੇਲਵੇ ਦੇ ਨਕਸ਼ੇ 'ਤੇ ਆ ਗਿਆ ਹੈ। ਮੋਦੀ ਨੇ ਸੱਤ ਜ਼ਿਲ੍ਹਿਆ ਵਿਚ ਬੈਂਕ ਦੀਆਂ ਸ਼ਾਖ਼ਾਵਾ ਦਾ ਵੀ ਉਦਘਾਟਨ ਕੀਤਾ ਅਤੇ ਭਾਰਤ ਬੀਪੀਉ ਪ੍ਰੋਮੋਸ਼ਨ ਯੋਜਨਾ ਤਹਿਤ ਵਿਕਸਤ ਪੇਂਡੂ ਬੀਪੀਉ ਕੇਂਦਰ ਦੀ ਵੀ ਜਾਂਚ ਕੀਤੀ। ਬਸਤਰ ਇੰਟਰਨੈਟ ਯੋਜਨਾ ਦੁਆਰਾ ਬੀਪੀਉ ਕੇਂਦਰ ਨੂੰ ਇੰਟਰਨੈਟ ਮੁਹਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ 1700 ਕਰੋੜ ਰੁਪਏ ਦੀਆਂ ਸੜਕ ਅਤੇ ਪੁਲ ਯੋਜਨਾਵਾਂ ਦੀ ਵੀ ਨੀਂਹ ਰੱਖੀ। ਪ੍ਰਧਾਨ ਮੰਤਰੀ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਦੀ ਜੈਯੰਤੀ ਮੌਕੇ ਸੂਬੇ ਦਾ ਦੌਰਾ ਕਰ ਰਹੇ ਹਨ। 

ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਇਸ ਮੌਕੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਜਦਕਿ ਸਿਹਤ ਮੰਤਰੀ ਜੇ.ਪੀ. ਨੱਡਾ ਮੁੱਖ ਮਹਿਮਾਨ ਰਹੇ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਰਕਾਰ ਦਾ ਮਕਸਦ ਸਾਲ 2022 ਤਕ 1.5 ਲੱਖ ਸਿਹਤ ਅਤੇ ਵੈਲਨੈਸ ਕੇਂਦਰ ਖੋਲ੍ਹਣਾ ਹੈ, ਜਿੱਥੇ ਸ਼ੂਗਰ, ਕੈਂਸਰ ਅਤੇ ਬਜ਼ੁਰਗਾਂ ਵਿਚ ਹੋਣ ਵਾਲੇ ਰੋਗਾਂ ਸਮੇਤ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਸਰਕਾਰ ਨੇ ਰਾਸ਼ਟਰੀ ਸਿਹਤ ਸੁਰੱਖਿਆ ਯੋਜਨਾ (ਐਨਐਚਪੀਐਸ) ਦੀ ਵਿਆਪਕ ਰੂਪਰੇਖਾ ਤਿਆਰ ਕੀਤੀ ਹੈ ਅਤੇ ਲਾਭਪਾਤਰੀਆਂ ਦੀ ਪਹਿਚਾਣ ਕਰਨ ਦੇ ਮਾਪਦੰਡ ਤੈਅ ਕਰਨ ਦਾ ਕੰਮ ਚੱਲ ਰਿਹਾ ਹੈ।