ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ  ਕਿਰਾਇਆ 250-300 ਰੁਪਏ ਵਿਚਕਾਰ ਰਹੇਗਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਦਾ ਕਿਰਾਇਆ 3000 ਰੁਪਏ ਹੋਵੇਗਾ, ਜਦਕਿ ਬਾਂਦਰਾ-ਕੁਰਲਾ ਕੰਪਲੈਕਸ ਅਤੇ ਠਾਣੇ ਵਿਚਕਾਰ ਕਿਰਾਇਆ 250 ਰੁਪਏ ਹੋਵੇਗਾ।

Bullet Train

 ਮੁੰਬਈ ਤੋਂ ਅਹਿਮਦਾਬਾਦ ਦੇ ਵਿਚਕਾਰ ਪ੍ਰਸਤਾਵਿਤ ਬੁਲੇਟ ਟ੍ਰੇਨ ਵਿਚ ਸਫ਼ਰ ਕਰਨ ਲਈ ਯਾਤਰੀਆਂ ਨੂੰ 250 ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਕਿਰਾਇਆ ਦੇਣਾ ਹੋਵੇਗਾ ਜੋ ਉਨ੍ਹਾਂ ਦੀ ਮੰਜ਼ਲ 'ਤੇ ਨਿਰਭਰ ਹੋਵੇਗਾ। ਪ੍ਰਸਤਾਵਿਤ ਬੁਲੇਟ ਟ੍ਰੇਨ ਦੀ ਟਾਪ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਦੀ ਸ਼ੁਰੂਆਤ 2022 ਤਕ ਸ਼ੁਰੂ ਹੋਣ ਦੀ ਉਮੀਦ ਹੈ।  ਸਰਕਾਰ ਦੀ ਇਸ ਮਹੱਤਵਪੂਰਨ ਯੋਜਨਾ ਦੇ ਸੰਭਾਵਤ ਕਿਰਾਏ ਦਾ ਪਹਿਲਾ ਅਧਿਕਾਰਕ ਸੰਕੇਤ ਦਿੰਦੇ ਹੋਏ 'ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ' (ਐਨਐਚਐਸਆਰਸੀਐਲ) ਦੇ ਪ੍ਰਬੰਧ ਨਿਰਦੇਸ਼ਕ ਅਚਲ ਖ਼ਰੇ ਨੇ ਪੱਤਰਕਾਰਾਂ ਨੂੰ ਦਸਿਆ ਕਿ ਕਿਰਾਏ ਦੀ ਇਹ ਦਰ ਮੌਜੂਦਾ ਅੰਦਾਜ਼ਿਆਂ ਅਤੇ ਹਿਸਾਬ 'ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਦਾ ਕਿਰਾਇਆ 3000 ਰੁਪਏ ਹੋਵੇਗਾ, ਜਦਕਿ ਬਾਂਦਰਾ-ਕੁਰਲਾ ਕੰਪਲੈਕਸ ਅਤੇ ਠਾਣੇ ਵਿਚਕਾਰ ਕਿਰਾਇਆ 250 ਰੁਪਏ ਹੋਵੇਗਾ। ਖਰੇ ਨੇ ਦਸਿਆ ਕਿ ਇਕ 'ਬਿਜਨੈਸ ਕਲਾਸ' ਹੋਵੇਗਾ ਅਤੇ ਇਸ ਦਾ ਕਿਰਾਇਆ 3 ਹਜ਼ਾਰ ਰੁਪਏ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ।  ਇਕ ਅਧਿਕਾਰੀ ਨੇ ਦਸਿਆ ਕਿ ਠਾਣੇ ਅਤੇ ਬਾਂਦਰਾ-ਕੁਰਲਾ ਕੰਪਲੈਕਸ ਦੇ ਵਿਚਕਾਰ ਹਾਈ ਸਪੀਡ ਟ੍ਰੇਨ ਰਾਹੀਂ ਯਾਤਰਾ ਵਿਚ 15 ਮਿੰਟ ਦਾ ਸਮਾਂ ਲੱਗੇਗਾ ਅਤੇ ਇਸ ਦਾ ਕਿਰਾਇਆ 250 ਰੁਪਏ ਹੋਵੇਗਾ। ਜਦਕਿ ਟ੍ਰੈਕਸੀ ਤੋਂ ਕਰੀਬ ਡੇਢ ਘੰਟੇ ਦਾ ਸਮਾਂ ਲਗਦਾ ਹੈ ਅਤੇ 650 ਰੁਪਏ ਅਦਾ ਕਰਨੇ ਹੋਣਗੇ। ਉਨ੍ਹਾਂ ਦਸਿਆ ਕਿ ਕਿਰਾਇਆ ਏਸੀ ਪਹਿਲੀ ਸ਼੍ਰੇਣੀ ਦੇ ਕਿਰਾਏ ਤੋਂ ਡੇਢ ਗੁਣਾ ਜ਼ਿਆਦਾ ਹੋਵੇਗਾ। ਇਕ ਟ੍ਰੇਨ ਵਿਚ 10 ਡੱਬੇ ਹੋਣਗੇ, ਜਿਸ ਵਿਚੋਂ ਇਕ ਬਿਜਨੈਸ ਕਲਾਸ ਹੋਵੇਗਾ। 

ਖਰੇ ਨੇ ਦਸਿਆ ਕਿ ਮੰਤਰਾਲੇ ਨੂੰ ਇਸ ਪ੍ਰੋਜੈਕਟ ਲਈ 1415 ਹੈਕਟੇਅਰ ਜ਼ਮੀਨ ਦੀ ਲੋੜ ਹੋਵੇਗੀ ਅਤੇ ਅਸੀਂ ਅਕਵਾਇਰ ਲਈ 10 ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਅਧਿਕਾਰੀ ਨੇ ਇਹ ਵੀ ਦਸਿਆ ਕਿ ਨਵੀਨੀਕਰਨ ਬੋਰਡ ਵਿਚ 3000-4000 ਲੋਕਾਂ ਨੂੰ ਸਿੱਧੇ ਤੌਰ 'ਤੇ ਰੁਜ਼ਗਾਰ ਮਿਲੇਗਾ ਜਦਕਿ ਪ੍ਰੋਜੈਕਟ ਦੇ ਨਿਰਮਾਣ ਪੜਾਅ ਦੌਰਾਨ 30 ਤੋਂ 40 ਹਜ਼ਾਰ ਕਾਮਿਆਂ ਨੂੰ ਕੰਮ 'ਤੇ ਰਖਿਆ ਜਾਵੇਗਾ।  ਉਨ੍ਹਾ ਦਸਿਆ ਕਿ ਭਾਰਤੀ ਠੇਕੇਦਾਰ 460 ਕਿਲੋਮੀਟਰ ਦਾ ਕੰਮ ਕਰਨਗੇ ਜਦਕਿ ਜਪਾਨ ਸਮੁੰਦਰ ਦੇ ਹੇਠਾਂ ਸਿਰਫ਼ 21 ਕਿਲੋਮੀਟਰ ਦਾ ਨਿਰਮਾਣ ਕਾਰਜ ਕਰੇਗਾ। ਖਰੇ ਨੇ ਕਿਹਾ ਕਿ ਸੁਰੱਖਿਆ ਅਤੇ ਸਮਾਂ ਪਾਲਣ ਹਾਈ ਸਪੀਡ ਕਾਰੀਡੋਰ ਦੀ ਵਿਸ਼ੇਸ਼ਤਾ ਹੋਵੇਗਾ। ਉਨ੍ਹਾਂ ਦਸਿਆ ਕਿ ਭਾਰਤ ਤੋਂ 360 ਲੋਕਾਂ ਨੂੰ ਸਿਖ਼ਲਾਈ ਲਈ ਜਪਾਨ ਭੇਜਿਆ ਜਾਵੇਗਾ, ਜਿਨ੍ਹਾਂ ਵਿਚ 80 ਨੂੰ ਉਥੇ ਜਾਬ ਸਿਖ਼ਲਾਈ ਦਿਤੀ ਜਾਵੇਗੀ।  ਉਨ੍ਹਾਂ ਦਸਿਆ ਕਿ ਕਰੀਬ 80 ਜਪਾਨੀ ਨਾਗਰਿਕ ਭਾਰਤੀ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੇ ਹਨ। ਜਿੱਥੋਂ ਤਕ ਦੇਰੀ ਦੀ ਗੱਲ ਹੈ, ਇਹ 40 ਸਕਿੰਟ ਤੋਂ ਜ਼ਿਆਦਾ ਨਹੀਂ ਹੋਵੇਗਾ। ਬੁਲੇਟ ਟ੍ਰੇਨ ਹਰ ਰੋਜ਼ ਮੁੰਬਈ-ਅਹਿਮਦਾਬਾਦ ਵਿਚਕਾਰ 70 ਗੇੜੇ ਲਗਾਏਗੀ।  (ਪੀਟੀਆਈ)