ਜਵਾਬੀ ਕਾਰਵਾਈ ਲਈ ਫ਼ੌਜ ਦੇ ਹੱਥ ਹਮੇਸ਼ਾ ਖੁਲ੍ਹੇ ਸਨ : ਡੀ.ਐਸ. ਹੁੱਡਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਲ 2016 'ਚ ਕੀਤੀ ਗਈ ਸਰਜੀਕਲ ਸਟਰਾਈਕ ਦੀ ਅਗਵਾਈ ਕਰ ਚੁੱਕੇ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਡੀ.ਐਸ. ਹੁੱਡਾ ਨੇ ਸ਼ੁਕਰਵਾਰ ਨੂੰ ਕਿਹਾ

DS Hooda

ਪਣਜੀ : ਸਾਲ 2016 'ਚ ਕੀਤੀ ਗਈ ਸਰਜੀਕਲ ਸਟਰਾਈਕ ਦੀ ਅਗਵਾਈ ਕਰ ਚੁੱਕੇ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਡੀ.ਐਸ. ਹੁੱਡਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਫ਼ੌਜ ਨੂੰ ਸਰਹੱਦ ਪਾਰ ਹਮਲਾ ਕਰਨ ਦੀ ਇਜਾਜ਼ਤ ਦੇਣ 'ਚ ਇਕ ਵੱਡਾ ਸੰਕਲਪ ਵਿਖਾਇਆ ਹੈ, ਪਰ ਉਸ ਤੋਂ ਪਹਿਲਾਂ ਵੀ ਫ਼ੌਜ ਦੇ ਹੱਥ ਕਦੇ ਬੰਨ੍ਹੇ ਹੋਏ ਨਹੀਂ ਸਨ। ਸਾਲਾਨਾ 'ਗੋਆ ਫ਼ੈਸਟ' 'ਚ ਮੌਜੂਦ ਹੁੱਡਾ ਨੇ ਕਿਹਾ, ''ਮੌਜੂਦਾ ਸਰਕਾਰ ਨੇ ਸਰਹੱਦ ਪਾਰ ਜਾ ਕੇ ਸਰਜੀਕਲ ਸਟਰਾਈਕ ਅਤੇ ਬਾਲਾਕੋਟ 'ਚ ਹਵਾਈ ਹਮਲੇ ਦੀ ਇਜਾਜ਼ਤ ਦੇਣ 'ਚ ਯਕੀਨੀ ਤੌਰ 'ਤੇ ਇਕ ਵੱਡਾ ਸਿਆਸੀ ਸੰਕਲਪ ਵਿਖਾਇਆ ਹੈ

ਪਰ ਇਸ ਤੋਂ ਪਹਿਲਾਂ ਵੀ ਤੁਹਾਡੀ ਫ਼ੌਜ ਦੇ ਹੱਕ ਬੰਨ੍ਹੇ ਹੋਏ ਨਹੀਂ ਸਨ।'' ਉਨ੍ਹਾਂ ਕਿਹਾ, ''ਫ਼ੌਜ ਨੂੰ ਖੁੱਲ੍ਹੀ ਛੋਟ ਦੇਣ ਬਾਰੇ ਬਹੁਤ ਜ਼ਿਆਦਾ ਗੱਲਾਂ ਹੋਈਆਂ ਹਨ, ਪਰ 1947 ਤੋਂ ਹੀ ਫ਼ੌਜ ਸਰਹੱਦ 'ਤੇ ਆਜ਼ਾਦ ਹੈ। ਇਸ ਨੇ ਤਿੰਨ-ਚਾਰ ਜੰਗਾਂ ਲੜੀਆਂ ਹਨ।'' ਹੁੱਡਾ ਨੇ ਅੱਗੇ ਕਿਹਾ, ''ਕੰਟਰੋਲ ਰੇਖਾ ਇਕ ਖ਼ਤਰਨਾਕ ਥਾਂ ਹੈ ਕਿਉਂਕਿ ਜਿਵੇਂ ਮੈਂ ਕਿਹਾ ਕਿ ਤੁਹਾਡੇ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ ਅਤੇ ਮੋਰਚੇ 'ਤੇ ਮੌਜੂਦ ਫ਼ੌਜੀ ਇਸ ਦਾ ਤੁਰਤ ਜਵਾਬ ਦਿੰਦੇ ਹਨ। ਫ਼ੌਜੀ ਮੈਨੂੰ ਵੀ ਨਹੀਂ ਪੁਛਣਗੇ। ਕੋਈ ਇਜਾਜ਼ਤ ਲੈਣ ਦਾ ਕੋਈ ਸਵਾਲ ਹੀ ਨਹੀਂ ਹੈ।

ਫ਼ੌਜ ਨੂੰ ਖੁੱਲ੍ਹੀ ਛੋਟ ਦਿਤੀ ਗਈ ਹੈ ਅਤੇ ਇਹ ਹਮੇਸ਼ਾ ਤੋਂ ਹੁੰਦਾ ਆ ਰਿਹਾ ਹੈ, ਇਸ ਦਾ ਕੋਈ ਬਦਲ ਨਹੀਂ ਹੈ।'' ਹੁੱਡਾ ਨੇ ਫ਼ੌਜੀ ਮੁਹਿੰਮਾਂ 'ਤੇ ਸਬੂਤ ਮੰਗਣ ਵਾਲੇ ਬਿਆਨਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ, ''ਕ੍ਰਿਪਾ ਕਰ ਕੇ ਅਪਣੇ ਅਪਣੇ ਸੀਨੀਅਰ ਫ਼ੌਜੀ ਅਧਿਕਾਰੀਆਂ 'ਤੇ ਯਕੀਨ ਰੱਖੋ। ਫ਼ੌਜੀ ਮੁਹਿੰਮਾਂ ਦੇ ਡਾਇਰੈਕਟਰ ਜਨਰਲ ਜਦੋਂ ਖੁੱਲ੍ਹੇ ਤੌਰ 'ਤੇ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ਸਰਜੀਕਲ ਸਟਰਾਈਕ ਕੀਤੀ ਤਾਂ ਜ਼ਾਹਰ ਤੌਰ 'ਤੇ ਇਸ 'ਚ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ।'' ਉਨ੍ਹਾਂ ਕਿਹਾ ਕਿ ਹਥਿਆਰਬੰਦ ਫ਼ੌਜਾਂ ਨੇ ਕਿਸੇ ਵੀ ਸਰਕਾਰ ਵੇਲੇ ਕਿਸੇ ਤਰ੍ਹਾਂ ਦਾ ਸਿਆਸੀ ਦਖ਼ਲ ਨਹੀਂ ਵੇਖਿਆ ਹੈ। ਉਨ੍ਹਾਂ ਕਿਹਾ, ''ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਕੰਟਰੋਲ ਰੇਖਾ 'ਤੇ ਕਿਸ ਤਰ੍ਹਾਂ ਦਾ ਸਲੂਕ ਕਰਨਾ ਹੈ।''  (ਪੀਟੀਆਈ)