ਕੋਰੋਨਾ ਨੇ ਸਕੂਲੀ ਵਿਦਿਆਰਥੀਆਂ ਦਾ 'ਆਨਲਾਈਨ ਪੰਜਾਬੀ' ਸਿੱਖਣ 'ਚ ਰੁਝਾਨ ਵਧਾਇਆ
ਕੋਰੋਨਾ ਵਰਗੀ ਮਹਾਂਮਾਰੀ ਕਰ ਕੇ ਦੇਸ਼ 'ਚ ਲਾਕਡਾਊਨ ਤੋਂ ਬਾਅਦ ਸਕੂਲਾਂ ਦੀ ਹੋਣ ਵਾਲੀ ਹਾਲਤ ਨੂੰ ਵੇਖਦਿਆਂ ਦਿੱਲੀ 'ਚ ਪੰਜਾਬੀ ਹੈਲਪ ਲਾਈਨ ਦਿੱਲੀ ਦੇ ਆਗੂਆਂ
ਨਵੀਂ ਦਿੱਲੀ, 13 ਅਪ੍ਰੈਲ (ਸੁਖਰਾਜ ਸਿੰਘ): ਕੋਰੋਨਾ ਵਰਗੀ ਮਹਾਂਮਾਰੀ ਕਰ ਕੇ ਦੇਸ਼ 'ਚ ਲਾਕਡਾਊਨ ਤੋਂ ਬਾਅਦ ਸਕੂਲਾਂ ਦੀ ਹੋਣ ਵਾਲੀ ਹਾਲਤ ਨੂੰ ਵੇਖਦਿਆਂ ਦਿੱਲੀ 'ਚ ਪੰਜਾਬੀ ਹੈਲਪ ਲਾਈਨ ਦਿੱਲੀ ਦੇ ਆਗੂਆਂ ਪ੍ਰਕਾਸ਼ ਸਿੰਘ ਗਿੱਲ, ਬੀਬੀ ਜਸਵਿੰਦਰ ਕੌਰ, ਐਸ.ਪੀ. ਸਿੰਘ, ਮਹਿੰਦਪਾਲ ਮੁੰਜਾਲ, ਸੁਨੀਲ ਕੁਮਾਰ ਬੇਦੀ ਤੇ ਕੁਲਦੀਪ ਸਿੰਘ ਵਲੋਂ ਸਕੂਲਾਂ 'ਚ ਪੰਜਾਬੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਮਿਡਲ ਜਮਾਤਾਂ 'ਚ ਪੰਜਾਬੀ ਸਿੱਖਣ ਵਾਲੇ ਵਿਦਿਆਰਥੀਆਂ ਲਈ ਆਨਲਾਈਨ 'ਕਾਇਦਾ' ਵੱਖ-ਵੱਖ ਅਧਿਆਪਕ ਵਰਗ ਨਾਲ ਸਬੰਧਤ ਗਰੁਪਾਂ ਤੇ ਪੰਜਾਬੀ ਸੰਸਥਾਵਾਂ ਦੇ ਗਰੁਪਾਂ 'ਚ ਭੇਜਿਆ ਜਾ ਰਿਹਾ ਹੈ।
ਸੰਸਥਾ ਦੇ ਆਗੂਆਂ ਨੇ ਕਿਹਾ ਕਿ ਕੋਰੋਨਾ ਕਰ ਕੇ ਸਕੂਲਾਂ 'ਚ ਜਮਾਤਾਂ ਨਹੀਂ ਲੱਗ ਰਹੀਆਂ ਤੇ ਵਿਦਿਆਰਥੀ ਘਰਾਂ 'ਚ ਬੰਦ ਹਨ। ਇਨ੍ਹਾਂ ਵਿਦਿਆਰਥੀਆਂ ਲਈ ਸਕੂਲਾਂ ਵਲੋਂ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਉਕਤ ਆਗੂਆਂ ਵਲੋਂ ਕਾਇਦਾ ਭੇਜਿਆ ਜਾ ਰਿਹਾ ਹੈ। ਵੱਖ-ਵੱਖ ਸਕੂਲੀ ਅਧਿਆਪਕਾਂ ਨੇ ਪੰਜਾਬੀ ਹੈਲਪ ਲਾਈਨ ਦੇ ਸੰਚਾਲਕਾਂ ਨੂੰ ਟੈਲੀਫ਼ੋਨ 'ਤੇ ਦਸਿਆ ਕਿ ਵਿਦਿਆਰਥੀਆਂ ਵਲੋਂ ਇਸ ਕਾਇਦੇ ਰਾਹੀਂ ਪੰਜਾਬੀ ਸਿੱਖਣ ਦਾ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਖ਼ਾਸ ਤੌਰ 'ਤੇ ਗ਼ੈਰ ਪੰਜਾਬੀ ਪਰਵਾਰਾਂ ਦੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਮਾਪਿਆਂ ਵਲੋਂ ਪੰਜਾਬੀ ਭਾਸ਼ਾ ਸਿੱਖੀ ਜਾ ਰਹੀ ਹੈ।