ਇਤਿਹਾਸ 'ਚ ਪਹਿਲੀ ਵਾਰ ਬੰਦ ਹੋਇਆ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਸਾਲ ਸਿਰਫ਼ ਅਪ੍ਰੈਲ ਦੇ ਮਹੀਨੇ ਵਿਚ ਖੋਲ੍ਹਿਆ ਜਾਂਦਾ ਸ੍ਰੀਨਗਰ ਦਾ ਟਿਊਲਿਪ ਗਾਰਡਨ

File

ਸ੍ਰੀਨਗਰ- ਸਿਰਾਜ ਬਾਗ਼ ਦੇ ਨਾਂਅ ਤੋਂ ਜਾਣਿਆ ਜਾਣ ਵਾਲਾ ਇਹ ਖ਼ੂਬਸੂਰਤ ਟਿਊਲਿਪ ਗਾਰਡਨ ਜਬਰਵਾਨ ਪਹਾੜੀਆਂ ਦੇ ਵਿਚਕਾਰ ਵਿਸ਼ਵ ਪ੍ਰਸਿੱਧ ਡੱਲ ਝੀਲ ਦੇ ਕਿਨਾਰੇ 'ਤੇ ਸਥਿਤ ਹੈ। ਕਰੀਬ 90 ਏਕੜ ਵਿਚ ਫੈਲੇ ਏਸ਼ੀਆ ਦੇ ਸਭ ਤੋਂ ਵੱਡੇ ਅਤੇ ਖ਼ੂਬਸੂਰਤ ਗਾਰਡਨ ਨੂੰ ਦੇਖਣ ਲਈ ਹਰ ਸਾਲ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਲੋਕ ਆਉਂਦੇ ਹਨ। 

ਇਸ ਗਾਰਡਨ ਨੂੰ ਸਿਰਫ਼ ਅਪ੍ਰੈਲ ਦੇ ਮਹੀਨੇ ਵਿਚ ਹੀ ਖੋਲ੍ਹਿਆ ਜਾਂਦਾ ਹੈ ਪਰ ਹੁਣ ਜਦੋਂ ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਹੋਇਆ ਹੈ, ਤਾਂ ਇਸ ਵਾਰ ਇਹ ਗਾਰਡਨ ਪੂਰੀ ਤਰ੍ਹਾਂ ਬੰਦ ਹੈ। ਇਕ ਜਾਣਕਾਰੀ ਅਨੁਸਾਰ ਇਸ ਵਿਸ਼ਾਲ ਗਾਰਡਨ ਵਿਚ 12 ਲੱਖ ਦੇ ਕਰੀਬ ਟਿਊਲਿਪ ਲਗਾਏ ਗਏ ਹਨ।

ਇਸ ਤੋਂ ਇਲਾਵਾ ਕਮਲ, ਗੁਲਾਬ ਅਤੇ ਨਰਗਿਸ ਦੇ ਫੁੱਲਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਵੀ ਇੱਥੇ ਦੇਖੀਆਂ ਜਾ ਸਕਦੀਆਂ ਹਨ। ਟੂਰਿਜ਼ਮ ਕਸ਼ਮੀਰ ਦੇ ਲੋਕਾਂ ਦੀ ਕਮਾਈ ਦਾ ਇਕ ਵੱਡਾ ਸਾਧਨ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਕਸ਼ਮੀਰ ਵਿਚ ਵਾਪਰੇ ਘਟਨਾਕ੍ਰਮਾਂ ਦੇ ਚਲਦਿਆਂ ਇਸ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।

ਪਹਿਲਾਂ ਪੁਲਵਾਮਾ ਹਮਲਾ ਅਤੇ ਫਿਰ ਧਾਰਾ 370 ਹਟਾਏ ਜਾਣ ਮਗਰੋਂ ਲਗਾਈਆਂ ਗਈਆਂ ਪਾਬੰਦੀਆਂ ਨੇ ਇੱਥੋਂ ਦੇ ਸੈਰ ਸਪਾਟਾ ਉਦਯੋਗ ਨੂੰ ਕਾਫ਼ੀ ਸੱਟ ਮਾਰੀ ਹੈ ਅਤੇ ਹੁਣ ਕੋਰੋਨਾ ਵਾਇਰਸ ਨੇ ਇਸ ਨੂੰ ਬਿਲਕੁਲ ਹੀ ਠੱਪ ਕਰਕੇ ਰੱਖ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।