ਇਕ ਵਾਰ ਫਿਰ ਗੁਜਰਾਤ ਵਿਚ ਪੰਜਾਬੀ ਕਿਸਾਨ ਦੀ ਸਾੜੀ ਸਰ੍ਹੋਂ ਦੀ ਫ਼ਸਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬੀ ਕਿਸਾਨਾਂ ਵਿਚ ਡਰ ਅਤੇ ਖੌਫ਼, ਮੋਦੀ ਸਰਕਾਰ ਤੋਂ ਕੀਤੀ ਸੁਰੱਖਿਆ ਦੀ ਮੰਗ

mustard crop

ਕੋਟਕਪੂਰਾ (ਗੁਰਿੰਦਰ ਸਿੰਘ): ਅਕਾਲੀ-ਭਾਜਪਾ ਗਠਜੋੜ ਦੀਆਂ ਪੰਜਾਬ ਅਤੇ ਕੇਂਦਰ ਵਿਚ ਬਣੀਆਂ ਸਾਂਝੀਆਂ ਸਰਕਾਰਾਂ ਮੌਕੇ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੇ ਬਾਦਲ ਪਰਵਾਰ ਤੋਂ ਅਪਣੀ ਸੁਰੱਖਿਆ ਲਈ ਮੰਗ ਕਰਦਿਆਂ ਵਾਰ-ਵਾਰ ਬੇਨਤੀਆਂ ਕੀਤੀਆਂ, ਵਾਸਤੇ ਪਾਏ, ਲੇਲੜੀਆਂ ਕੱਢੀਆਂ ਪਰ ਅੱਜ ਵੀ ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ ਦੇ ਪਰਵਾਰ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਕਿਉਂਕਿ ਬੀਤੇ ਦਿਨੀਂ ਇਕ ਵਾਰ ਫਿਰ ਪੰਜਾਬੀ ਕਿਸਾਨ ਦੀ ਲਗਭਗ 7 ਏਕੜ ਸਰ੍ਹੋਂ ਦੀ ਫ਼ਸਲ ਨੂੰ ਅੱਧੀ ਰਾਤ ਅੱਗ ਲਾ ਕੇ ਸਾੜ ਦਿਤਾ ਗਿਆ।

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਦਾ ਵਸਨੀਕ ਜਸਵਿੰਦਰ ਸਿੰਘ ਕਿਸਾਨ ਗੁਜਰਾਤ ਦੇ ਭੁਜ ਜ਼ਿਲ੍ਹੇ ਦੇ ਪਿੰਡ ਲੋਰੀਆਂ ਵਿਚ ਅਪਣੀ ਜ਼ਮੀਨ ਦੀ ਕਾਸ਼ਤ ਕਰਦਾ ਹੈ। ਕੁੱਝ ਸਾਲ ਪਹਿਲਾਂ ਵੀ ਗੁਜਰਾਤ ਵਿਚ ਪੰਜਾਬੀ ਕਿਸਾਨਾਂ ’ਤੇ ਸ਼ਰੇਆਮ ਭਾਜਪਾ ਆਗੂਆਂ ਵਲੋਂ ਹਮਲੇ ਹੋਏ ਸਨ, ਉਦੋਂ ਕੇਂਦਰੀ ਘੱਟ ਗਿਣਤੀ ਕਮਿਸ਼ਨ ਨੇ ਦੌਰਾ ਕਰਦਿਆਂ ਪੀੜਤ ਪੰਜਾਬੀ ਕਿਸਾਨਾਂ ਤਕ ਪਹੁੰਚ ਵੀ ਕੀਤੀ ਸੀ ਪਰ ਕੋਈ ਸੁਣਵਾਈ ਨਾ ਹੋਈ।  ਹੁਣ ਪੰਜਾਬੀ ਕਿਸਾਨ ਦੀ ਜਿਣਸ ਨੂੰ ਅੱਗ ਲਾਏ ਜਾਣ ਦੀ ਘਟਨਾ ਤੋਂ ਬਾਅਦ ਪੰਜਾਬੀ ਕਿਸਾਨਾਂ ਵਿਚ ਖੌਫ਼ ਪੈਦਾ ਹੋਣਾ ਸੁਭਾਵਕ ਹੈ।

ਕਿਸਾਨ ਜਸਵਿੰਦਰ ਸਿੰਘ ਨਾਲ ਪੰਜਾਬੀ ਕਿਸਾਨਾਂ ਨੇ ਇਕੱਠੇ ਹੋ ਕੇ ਭੁਜ ਪੁਲਿਸ ਕੋਲ ਉਕਤ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ, ਥਾਣਾ ਭੁਜ ਦੀ ਪੁਲਿਸ ਵਲੋਂ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਜਾਇਜ਼ਾ ਲੈਣ ਦੀ ਵੀ ਖ਼ਬਰ ਹੈ। ‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਕਰਦਿਆਂ ਕਿਸਾਨ ਜਸਵਿੰਦਰ ਸਿੰਘ ਨੇ ਦਸਿਆ ਕਿ ਅੱਧੀ ਰਾਤ ਕਿਸੇ ਰਾਹਗੀਰ ਨੇ ਉਸ ਦੇ ਖੇਤ ਵਿਚ ਸਰ੍ਹੋਂ ਦੀ ਫ਼ਸਲ ਨੂੰ ਲੱਗੀ ਅੱਗ ਬਾਰੇ ਸੂਚਨਾ ਦਿਤੀ ਉਸ ਨੇ ਉਦੋਂ ਹੀ ਪੁਲਿਸ ਕੰਟਰੋਲ ਰੂਮ ’ਤੇ ਫ਼ੋਨ ਕਰ ਦਿਤਾ ਪਰ ਜਦੋਂ ਤਕ ਉਹ ਖੇਤ ਪੁੱਜੇ, ਉਦੋਂ ਤਕ ਸਾਰੀ ਫ਼ਸਲ ਸੜ ਕੇ ਸੁਆਹ ਹੋ ਚੁੱਕੀ ਸੀ।

ਪੀੜਤ ਕਿਸਾਨ ਜਸਵਿੰਦਰ ਸਿੰਘ ਨੇ ਦਸਿਆ ਕਿ ਪਿੰਡ ਲੋਰੀਆਂ ਵਿਚ ਭਾਜਪਾ ਨਾਲ ਸਬੰਧਤ ਦੋ ਭਰਾਵਾਂ ਨੇ ਪਹਿਲਾਂ ਵੀ ਪੰਜਾਬ ਕਿਸਾਨਾਂ ਦੀ ਜ਼ਮੀਨ ਨੱਪੀ ਹੋਈ ਹੈ ਅਤੇ ਹੁਣ ਵੀ ਉਹ ਪੰਜਾਬੀ ਕਿਸਾਨਾਂ ਨੂੰ ਡਰਾ ਕੇ ਭਜਾਉਣਾ ਚਾਹੁੰਦੇ ਹਨ।  ਉਨ੍ਹਾਂ ਦਸਿਆ ਕਿ ਪੰਜਾਬ ਦੇ ਕਿਸਾਨਾਂ ਦੇ ਪਹਿਲਾਂ ਵੀ ਉਕਤ ਭਾਜਪਾ ਆਗੂਆਂ ਨਾਲ ਕਈ ਕੇਸ ਚਲ ਰਹੇ ਹਨ। ਪੰਜਾਬੀ ਕਿਸਾਨਾਂ ਮੁਤਾਬਕ ਸਾਲ 2013 ਵਿਚ ਵੀ ਭਾਜਪਾ ਆਗੂ ਪੰਜਾਬੀ ਕਿਸਾਨਾਂ ਦੇ ਘਰ ਫੂਕਣ ਲਈ ਆ ਗਏ ਸਨ ਅਤੇ ਇਕ ਵਾਰ ਤਾਂ ਗੱਡੀਆਂ ’ਤੇ ਵੀ ਹਮਲਾ ਕੀਤਾ ਗਿਆ ਸੀ।