ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕੋਈ ਕਮੀ ਨਹੀਂ- ਸਿਹਤ ਮੰਤਰੀ
ਡਾ. ਹਰਸ਼ਵਰਧਨ ਨੇ ਕਿਹਾ ਕਿਭਾਰਤ ਸਰਕਾਰ ਸਾਰੇ ਸੂਬਿਆਂ ਨੂੰ ਵੈਕਸੀਨ ਮੁਹੱਈਆ ਕਰਵਾ ਰਹੀ ਹੈ
ਨਵੀਂ ਦਿੱਲੀ: ਸੂਬਿਆਂ ਵਿਚ ਕੋਰੋਨਾ ਵੈਕਸੀਨ ਦੀ ਕਮੀ ਦੀਆਂ ਖ਼ਬਰਾਂ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕੋਈ ਕਮੀ ਨਹੀਂ ਹੈ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਸਾਰੇ ਸੂਬਿਆਂ ਨੂੰ ਵੈਕਸੀਨ ਮੁਹੱਈਆ ਕਰਵਾ ਰਹੀ ਹੈ।
ਦੇਸ਼ ਵਿਚ ਰੇਮਡੇਸਿਵਰ ਵੈਕਸੀਨ ਦੀ ਕਮੀ ਇਸ ਲਈ ਹੋਈ ਕਿਉਂਕਿ ਕੁਝ ਦਿਨ ਪਹਿਲਾਂ ਦੇਸ਼ ਵਿਚ ਕੋਰੋਨਾ ਦੇ ਮਾਮਲੇ ਘੱਟ ਹੋ ਗਏ ਸੀ, ਇਸ ਕਾਰਨ ਇਸ ਦਾ ਉਤਪਾਦਨ ਘੱਟ ਹੋ ਗਿਆ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸੂਬਿਆਂ ਦਾ ਕੰਮ ਹੈ ਕਿ ਟੀਕਾਕਰਨ ਕੇਂਦਰਾਂ ’ਤੇ ਸਮਾਂ ਬੱਧ ਤਰੀਕੇ ਨਾਲ ਇਸ ਦੀ ਸਪਲਾਈ ਕੀਤੀ ਜਾਵੇ।
ਸਿਹਤ ਮੰਤਰੀ ਨੇ ਦੱਸਿਆ ਕਿ ਡਰੱਗ ਕੰਟਰੋਲਰ ਅਤੇ ਸਿਹਤ ਮੰਤਰਾਲੇ ਨੇ ਕੰਪਨੀਆਂ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਨਿਰਮਾਤਾਵਾਂ ਨੂੰ ਉਤਪਾਦਨ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। ਡਾ. ਹਰਸ਼ਵਰਧਨ ਨੇ ਕਿਹਾ ਡਰੱਗਸ ਕੰਟਰੋਲਰ ਆਫ ਇੰਡੀਆ ਨੇ ਰੇਮਡੇਸਿਵਰ ਦੀ ਕਾਲਾਬਜ਼ਾਰੀ ਦੀ ਸ਼ਿਕਾਇਤ ਮਿਲਣ ’ਤੇ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।