ਕਾਂਗਰਸ ਦਾ ਹਾਲ ਨਵਾਜ਼ ਸ਼ਰੀਫ਼ ਵਰਗਾ : ਨਿਰਮਲਾ ਸੀਤਾਰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਿਦੰਬਰਮ ਨੇ ਸੀਤਾਰਮਨ ਤੇ ਸ਼ਾਹ 'ਤੇ ਕਸਿਆ ਵਿਅੰਗ

Nirmala Sitaraman

ਨਵੀਂ ਦਿੱਲੀ,ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪਰਵਾਰ ਵਿਰੁਧ ਕੀਤੀ ਜਾ ਰਹੀ ਕਾਰਵਾਈ ਬਾਰੇ ਗੱਲ ਕਰਦਿਆਂ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਉਨ੍ਹਾਂ ਦੀ ਤੁਲਨਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਵਿਰੁਧ ਹੋਈ ਕਾਰਵਾਈ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਇਹ ਇਕਦਮ 'ਨਵਾਜ਼ ਸ਼ਰੀਫ਼ ਵਾਲੇ ਪਲ' ਹਨ। ਸੀਤਾਰਮਨ ਨੇ ਕਿਹਾ ਕਿ ਸੰਪਤੀਆਂ ਦੇ ਪ੍ਰਗਟਾਵੇ ਲਈ ਲੋਕਾਂ ਨੂੰ ਸਮਾਂ ਦਿਤਾ ਗਿਆ ਸੀ। ਨਿਯਮ ਮੁਤਾਬਕ ਅਜਿਹਾ ਕਰਨ ਵਾਲਿਆਂ 'ਤੇ 120 ਫ਼ੀ ਸਦੀ ਟੈਕਸ ਅਤੇ ਜੁਰਮਾਨਾ ਅਤੇ ਦੋਸ਼ ਸਾਬਤ ਹੋਣ 'ਤੇ ਜੇਲ ਭੇਜਿਆ ਜਾਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਜੋ ਖ਼ੁਦ ਹੀ ਵਿੱਤ ਨਾਲ ਜੁੜੇ ਮਾਮਲੇ ਵਿਚ ਜ਼ਮਾਨਤ 'ਤੇ ਹਨ, ਉਨ੍ਹਾਂ ਨੂੰ ਦੇਸ਼ ਵਾਸੀਆਂ ਨੂੰ ਦਸਣਾ ਚਾਹੀਦਾ ਹੈ ਕਿ ਕੀ ਉਹ ਅਪਣੀ ਪਾਰਟੀ ਦੇ ਸੀਨੀਅਰ ਨੇਤਾ ਦੀ ਵੀ ਜਾਂਚ ਕਰਨਗੇ ਜਿਨ੍ਹਾਂ ਨੇ ਵਿਦੇਸ਼ ਵਿਚ ਲੁਕਾਈ ਗਈ ਸੰਪਤੀ ਦਾ ਪ੍ਰਗਟਾਵਾ ਨਹੀਂ ਕੀਤਾ।

ਉਧਰ, ਚਿਦੰਬਰਮ ਨੇ ਸੀਤਾਰਮਨ ਦੀ ਟਿਪਣੀ ਦਾ ਜਵਾਬ ਦਿੰਦਿਆਂ ਵਿਅੰਗਮਈ ਅੰਦਾਜ਼ ਵਿਚ ਕਿਹਾ, 'ਦਿੱਲੀ ਵਿਚ ਚਰਚਾ ਹੈ ਕਿ ਨਿਰਮਲਾ ਸੀਤਾਰਮਨ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਆਮਦਨ ਵਿਭਾਗ ਦਾ ਵਕੀਲ ਨਿਯੁਕਤ ਕੀਤਾ ਜਾਵੇਗਾ। ਸੀਤਾਰਮਨ ਦਾ ਵਕੀਲ ਭਾਈਚਾਰੇ ਵਿਚ ਸਵਾਗਤ ਹੈ।' ਉਨ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਵੀ ਚੋਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸੱਭ ਤੋਂ ਅਮੀਰ ਸਿਆਸੀ ਦਲ ਦੇ ਪ੍ਰਧਾਨ 'ਅਰਬਾਂ ਡਾਲਰ ਦੇ ਸੁਪਨੇ' ਵੇਖ ਰਹੇ ਹਨ। ਚਿਦੰਬਰਮ ਨੇ ਕਿਹਾ, 'ਕਾਲਾ ਧਨ ਵਾਪਸ ਲਿਆਓ ਅਤੇ ਹਰ ਭਾਰਤੀ ਦੇ ਖਾਤੇ ਵਿਚ 15 ਲੱਖ ਰੁਪਏ ਜਮ੍ਹਾਂ ਕਰੋ ਜਿਵੇਂ ਤੁਸੀਂ ਵਾਅਦਾ ਕੀਤਾ ਸੀ।' (ਏਜੰਸੀ)