ਸੁਨੰਦਾ ਪੁਸ਼ਕਰ ਮਾਮਲਾ : ਦਿੱਲੀ ਪੁਲਿਸ ਨੇ ਸ਼ਸ਼ੀ ਥਰੂਰ ਨੂੰ ਬਣਾਇਆ ਮੁਲਜ਼ਮ, ਚਾਰਜਸ਼ੀਟ ਦਾਇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਸੁੰਨਦਾ ਪੁਸ਼ਕਰ ਹੱਤਿਆ ਮਾਮਲੇ ਵਿਚ 4 ਸਾਲ ਬਾਅਦ ਪਟਿਆਲਾ ਹਾਊਸ ਕੋਰਟ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਹੈ।

delhi police file chargesheet in sunanda pushkar case

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਸੁੰਨਦਾ ਪੁਸ਼ਕਰ ਹੱਤਿਆ ਮਾਮਲੇ ਵਿਚ 4 ਸਾਲ ਬਾਅਦ ਪਟਿਆਲਾ ਹਾਊਸ ਕੋਰਟ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਦਿੱਲੀ ਪੁਲਿਸ ਨੇ ਆਈਪੀਸੀ ਦੀ ਧਾਰਾ 306 ਭਾਵ ਆਤਮ ਹੱਤਿਆ ਦੇ ਲਈ ਉਕਸਾਉਣ ਅਤੇ 498ਏ ਵਿਆਹੁਤਾ ਜੀਵਨ ਵਿਚ ਸੋਸ਼ਣ ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਪਹਿਲਾਂ ਹੱਤਿਆ ਦਾ ਕੇਸ ਦਰਜ ਕੀਤਾ ਸੀ। 

ਪੁਲਿਸ ਨੇ ਸ਼ਸ਼ੀ ਥਰੂਰ ਨੂੰ ਦੋਸ਼ੀ ਮੰਨਿਆ ਹੈ। ਦਿੱਲੀ ਪੁਲਿਸ ਨੇ 300 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਵਿਚ 24 ਮਈ ਨੂੰ ਸੁਣਵਾਈ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੀ ਜਾਂਚ ਐਸਆਈਟੀ ਤੋਂ ਕਰਵਾਉਣ ਦੀ ਭਾਜਪਾ ਨੇਤਾ ਸੁਬਰਮਨੀਅਮ ਸਵਾਮੀ ਦੀ ਅਰਜ਼ੀ ਨੂੰ ਦਿੱਲੀ ਹਾਈਕੋਰਟ ਨੇ ਖ਼ਾਰਜ ਕਰ ਦਿਤਾ ਸੀ। 

ਦਿੱਲੀ ਹਾਈਕੋਰਟ ਨੇ ਕਿਹਾ ਸੀ ਕਿ ਇਹ ਜਨਹਿਤ ਅਰਜ਼ੀ ਨਹੀਂ ਰਾਜਨੀਤੀ ਹਿਤ ਦੀ ਅਰਜ਼ੀ ਦੀ ਉਦਾਹਰਨ ਹੈ। ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪਟੀਸ਼ਨਕਰਤਾ ਸਵਾਮੀ ਤੋਂ ਪੁਛਿਆ ਸੀ ਕਿ ਤੁਹਾਡੇ ਸੂਤਰ ਕੀ ਹਨ, ਜਿੱਥੋਂ ਤੁਹਾਡੇ ਕੋਲ ਇੰਨੀ ਜਾਣਕਾਰੀ ਆਈ ਹੈ ਅਤੇ ਜਾਂਚ 'ਤੇ ਤੁਸੀਂ ਸਵਾਲ ਖੜ੍ਹਾ ਕਰ ਰਹੇ ਹੋ? 

ਦਿੱਲੀ ਹਾਈਕੋਰਟ ਨੇ ਕਿਹਾ ਕਿ ਜੇਕਰ ਤੁਹਾਨੂੰ ਸਬੂਤਾਂ ਦੀ ਜਾਣਕਾਰੀ ਸੀ ਤਾਂ ਤੁਸੀਂ ਪਹਿਲਾਂ ਸਬੂਤਾਂ ਨੂੰ ਪੇਸ਼ ਕਿਉਂ ਨਹੀਂ ਕੀਤਾ? ਤੁਸੀਂ ਅਪਣੀ ਆਨਲਾਈਨ ਅਰਜ਼ੀ ਪਾ ਦਿਤੀ ਹੈ। ਜਾਣਦੇ ਹੋ ਕਿ ਕਿਸੇ ਦੀ ਨਿੱਜਤਾ 'ਤੇ ਇਸ ਦਾ ਕੀ ਪ੍ਰਭਾਵ ਪਵੇਗਾ? ਕੀ ਤੁਹਾਨੂੰ ਪਤਾ ਨਹੀਂ ਹੈ ਕਿ ਜਿਸ ਨੇ ਅਰਜ਼ੀ ਦਾਖ਼ਲ ਕੀਤੀ ਹੈ ਕਿ ਉਹ ਕਿਸੇ ਰਾਜਨੀਤਕ ਪਾਰਟੀ ਤੋਂ ਹੈ ਅਤੇ ਜਿਸ ਦੇ ਵਿਰੁਧ ਦੋਸ਼ ਹੈ, ਉਹ ਦੂਜੀ ਰਾਜਨੀਤਕ ਪਾਰਟੀ ਤੋਂ ਹੈ ਜੋ ਵਿਰੋਧੀ ਧਿਰ ਵਿਚ ਹੈ।