ਰਾਖਵਾਂਕਰਨ ਅੰਦੋਲਨ ਲਈ ਬਿਆਨਾ 'ਚ ਗੁੱਜਰ ਮਹਾਂਪੰਚਾਇਤ ਅੱਜ, 167 ਪਿੰਡਾਂ 'ਚ ਇੰਟਰਨੈੱਟ ਬੰਦ
ਗੁੱਜਰ ਸਮਾਜ 15 ਮਈ ਨੂੰ ਫਿਰ ਤੋਂ ਬਿਆਨਾ ਵਿਚ ਮਹਾਪੰਚਾਇਤ ਕਰ ਕੇ ਰਾਖਵੇਂਕਰਨ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ...
ਜੈਪੁਰ: ਗੁੱਜਰ ਸਮਾਜ 15 ਮਈ ਨੂੰ ਫਿਰ ਤੋਂ ਬਿਆਨਾ ਵਿਚ ਮਹਾਪੰਚਾਇਤ ਕਰ ਕੇ ਰਾਖਵੇਂਕਰਨ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਚਲਦਿਆਂ ਸਰਕਾਰ ਅਤੇ ਰੇਲਵੇ ਅਲਰਟ ਹੋ ਗਏ ਹਨ। ਰੇਲਵੇ ਨੇ ਗੁੱਜਰ ਅੰਦੋਲਨ ਨਾਲ ਨਿਪਟਣ ਲਹੀ ਸੁਰੱਖਿਆ ਬਲ ਬੁਲਾ ਲਏ ਹਨ। ਸਥਾਨਕ ਅਖ਼ਬਾਰਾਂ ਮੁਤਾਬਕ ਅੰਦੋਲਨ ਦੇ ਮੱਦੇਨਜ਼ਰ ਭਰਤਪੁਰ ਦੇ ਖੇਤਰੀ ਕਮਿਸ਼ਨਰ ਨੇ ਗੁੱਜਰ ਬਹੁਤਾਤ ਵਾਲੇ 80 ਗ੍ਰਾਮ ਪੰਚਾਇਤਾਂ ਦੇ 167 ਪਿੰਡਾਂ ਵਿਚ ਇੰਟਰਨੈੱਟ 'ਤੇ 15 ਮਈ ਦੀ ਸ਼ਾਮ ਤਕ ਪਾਬੰਦੀ ਲਗਾ ਦਿਤੀ ਹੈ।
ਉਧਰ ਐਤਵਾਰ ਦੁਪਹਿਰ ਨੂੰ ਸੂਬਾ ਸਰਕਾਰ ਵਲੋਂ ਜ਼ਿਲ੍ਹਾ ਕਲੈਕਟਰ ਸੰਦੇਸ਼ ਨਾਇਕ ਨੇ ਗੁੱਜਰ ਨੇਤਾ ਕਿਸ਼ੋਰੀ ਸਿੰਘ ਬੈਂਸਲਾ ਨੂੰ ਗੱਲਬਾਤ ਦਾ ਪ੍ਰਸਤਾਵ ਭੇਜਿਆ ਸੀ। ਦਸ ਦਈਏ ਕਿ ਹੁਣ ਤਕ ਗੁੱਜਰ ਪੰਜ ਵਾਰ ਅੰਦੋਲਨ ਕਰ ਚੁੱਕੇ ਹਨ ਅਤੇ ਹਰ ਵਾਰ ਕਰੋੜਾਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਨਾਲ ਹੀ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।
ਦਸ ਦਈਏ ਕਿ ਸਾਲ 2007 ਵਿਚ 29 ਮਈ ਤੋਂ 5 ਜੂਨ ਤਕ 7 ਦਿਨ ਗੁੱਜਰਾਂ ਨੇ ਅੰਦੋਲਨ ਕੀਤਾ ਸੀ। ਇਸ ਨਾਲ 22 ਜ਼ਿਲ੍ਹੇ ਪ੍ਰਭਾਵਤ ਰਹੇ ਅਤੇ 38 ਲੋਕ ਮਾਰੇ ਗਏ। ਇਸ ਤੋਂ ਬਾਅਦ 23 ਮਈ ਤੋਂ 17 ਜੂਨ 2008 ਤਕ 27 ਦਿਨ ਤਕ ਅੰਦੋਲਨ ਚਲਿਆ। 22 ਜ਼ਿਲ੍ਹਿਆਂ ਦੇ ਨਾਲ 9 ਸੂਬੇ ਪ੍ਰਭਾਵਤ ਰਹੇ। 30 ਤੋਂ ਜ਼ਿਆਦਾ ਮੌਤਾਂ ਹੋਈਆਂ।
ਫਿਰ ਗੁੱਜਰ ਅੰਦੋਲਨ 20 ਦਸੰਬਰ 2010 ਨੂੰ ਫਿਰ ਭੜਕਿਆ। ਬਿਆਨਾ ਵਿਚ ਰੇਲ ਰੋਕੀ ਗਈ ਸੀ। 21 ਮਈ 2015 ਨੂੰ ਕਾਰਵਾੜੀ ਪੀਲੁਕਾਪੁਰਾ ਵਿਚ ਰੇਲਵੇ ਪੱਟੜੀ ਰੋਕੀ ਅਤੇ ਇਸ ਦੀ ਸੂਚਨਾ 13 ਮਈ 2015 ਨੂੰ ਹੀ ਦਿਤੀ ਗਈ। ਹੁਣ ਤਕ ਗੁੱਜਰ ਅੰਦੋਲਨ ਵਿਚ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਗੁੱਜਰ ਅੰਦੋਲਨ ਰਾਖਵੇਂਕਰਨ ਦੀ ਵਜ੍ਹਾ ਨਾਲ ਹੁਣ ਤਕ 145 ਕਰੋੜ ਰੁਪਏ ਦੀਆਂ ਸਰਕਾਰੀ ਸੰਪਤੀਆਂ ਅਤੇ ਮਾਲ ਦਾ ਨੁਕਸਾਨ ਦਰਜ ਕੀਤਾ ਗਿਆ ਹੈ। ਜਦਕਿ ਆਮ ਆਦਮੀਆਂ ਅਤੇ ਅਦਾਰਿਆਂ ਦਾ 13 ਹਜ਼ਾਰ 500 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।