ਮਨਮੀਤ ਕੌਰ ਪਾਕਿਸਤਾਨ ਦੀ ਪਹਿਲੀ ਮਹਿਲਾ ਸਿੱਖ ਪੱਤਰਕਾਰ ਬਣੀ
ਕੁੜੀਆਂ ਅੱਜ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ, ਚਾਹੇ ਉਹ ਪੜ੍ਹਾਈ ਹੋਵੇ ਜਾਂ ਖੇਡ ਦਾ ਮੈਦਾਨ ਹੋਵੇ ਜਾਂ ਫਿਰ ਪੱਤਰਕਾਰੀ ਦਾ ਖੇਤਰ ਹੋਵੇ।
ਇਸਲਾਮਾਬਾਦ : ਕੁੜੀਆਂ ਅੱਜ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ, ਚਾਹੇ ਉਹ ਪੜ੍ਹਾਈ ਹੋਵੇ ਜਾਂ ਖੇਡ ਦਾ ਮੈਦਾਨ ਹੋਵੇ ਜਾਂ ਫਿਰ ਪੱਤਰਕਾਰੀ ਦਾ ਖੇਤਰ ਹੋਵੇ। ਭਾਰਤੀ ਕੁੜੀਆਂ ਹੀ ਨਹੀਂ ਸਗੋਂ ਪਾਕਿਸਤਾਨੀ ਕੁੜੀਆਂ ਵੀ ਹੁਣ ਕਿਸੇ ਤੋਂ ਪਿੱਛੇ ਨਹੀਂ ਹਨ। ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪੇਸ਼ਾਵਰ ਸ਼ਹਿਰ ਦੀ ਸਿੱਖ ਲੜਕੀ ਮਨਮੀਤ ਕੌਰ ਨੂੰ ਪਾਕਿਸਤਾਨ ਟੈਲੀਵਿਜ਼ਨ 'ਤੇ ਪੱਤਰਕਾਰ ਵਜੋਂ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਹੈ।
ਪਾਕਿਸਤਾਨ ਸਮਾਚਾਰ ਚੈਨਲ 'ਤੇ ਪੱਤਰਕਾਰ ਵਜੋਂ ਸੇਵਾਵਾਂ ਦੇਣ ਵਾਲੀ ਉਹ ਪਾਕਿਸਤਾਨ ਦੀ ਪਹਿਲੀ ਸਿੱਖ ਕੁੜੀ ਹੈ, ਜੋ ਕਿ ਰਿਪੋਰਟਿੰਗ ਕਰਦੀ ਹੋਈ ਨਜ਼ਰ ਆਵੇਗੀ। ਮਨਮੀਤ ਇਕ ਨਿੱਜੀ ਚੈਨਲ ਦੀ ਲਾਈਵ ਗੱਡੀ 'ਤੇ ਸਿੱਖਾਂ ਦੇ ਪ੍ਰੋਗਰਾਮ ਨੂੰ ਕਵਰ ਕਰਨ ਦੇ ਨਾਲ-ਨਾਲ ਗ਼ੈਰ-ਸਰਕਾਰੀ ਸੰਸਥਾਵਾਂ ਦੇ ਪ੍ਰੋਗਰਾਮ ਵੀ ਕਵਰ ਕਰੇਗੀ।
ਪੇਸ਼ਾਵਰ ਦੀ ਰਹਿਣ ਵਾਲੀ ਮਨਮੀਤ ਕੌਰ ਨੂੰ ਬਚਪਨ ਤੋਂ ਹੀ ਟੀਵੀ ਚੈਨਲ 'ਤੇ ਰਿਪੋਰਟਿੰਗ ਕਰਨ ਦਾ ਸ਼ੌਕ ਸੀ। ਪੇਸ਼ਾਵਰ ਯੂਨੀਵਰਸਿਟੀ ਦੇ 'ਜ਼ਿਨਾਹ ਕਾਲਜ ਫਾਰ ਵਿਮੈਨ' ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਚੈਨਲ ਜੁਆਇਨ ਕੀਤਾ ਹੈ। ਉਸ ਨੇ ਆਪਣੀ ਸਫ਼ਲਤਾ ਲਈ ਪੇਸ਼ਾਵਰ ਦੇ ਗੁਰਦੁਆਰਾ ਸਾਹਿਬ 'ਚ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲਿਆ।
ਉਸ ਨੇ ਦਸਿਆ ਕਿ ਉਸ ਨੂੰ ਆਪਣੀ ਇਸ ਪ੍ਰਾਪਤੀ 'ਤੇ ਬੇਹੱਦ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਕਿ ਉਸ ਨੂੰ ਪਾਕਿਸਤਾਨ ਦੇ ਸਭ ਤੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਆਵਾਜ਼ ਅਤੇ ਮੁਸ਼ਕਲਾਂ ਨੂੰ ਪਾਕਿਸਤਾਨ ਹਕੂਮਤ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ ਹੈ। ਮਨਮੀਤ ਕੌਰ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ। ਉਸ ਨੇ ਪੱਤਰਕਾਰੀ ਨਾਲ ਜੁੜੇ ਸਾਰੇ ਪੇਪਰ ਪਾਸ ਕਰਦਿਆਂ ਇਹ ਮੁਕਾਮ ਹਾਸਿਲ ਕੀਤਾ ਹੈ।