'84 ਦੰਗਿਆਂ ਦਾ ਮੁਲਜ਼ਮ ਸੱਜਣ ਕੁਮਾਰ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਹੋਇਆ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1984 ਦੇ ਸਿੱਖ ਦੰਗਿਆਂ ਵਿਚ ਮੁੱਖ ਮੁਲਜ਼ਮ ਮੰਨਿਆ ਜਾਂਦਾ ਸੱਜਣ ਕੁਮਾਰ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਿਆ ਹੈ।

sajjan kumar ready for lie detector test

ਨਵੀਂ ਦਿੱਲੀ : 1984 ਦੇ ਸਿੱਖ ਦੰਗਿਆਂ ਵਿਚ ਮੁੱਖ ਮੁਲਜ਼ਮ ਮੰਨਿਆ ਜਾਂਦਾ ਸੱਜਣ ਕੁਮਾਰ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਿਆ ਹੈ। ਹੁਣ 30 ਮਈ ਨੂੰ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ ਐਫਐਸਐਲ ਲੋਧੀ ਰੋਡ 'ਤੇ ਕੀਤਾ ਜਾਵੇਗਾ।

ਸੱਜਣ ਨੇ ਕਿਹਾ ਕਿ ਉਹ ਆਪਣੇ ਖਰਚੇ 'ਤੇ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹਨ। ਐਸ.ਆਈ.ਟੀ ਦੀ ਐਪਲੀਕੇਸ਼ਨ ਨੂੰ ਜੋ ਗਲਤ ਠਹਿਰਾਇਆ ਜਾ ਰਿਹਾ ਸੀ, ਹੁਣ ਉਸ 'ਤੇ ਸੱਜਣ ਕੁਮਾਰ ਦੇ ਵਕੀਲ ਮੰਨ ਗਏ ਹਨ। ਸੱਜਣ ਕੁਮਾਰ ਦੇ ਵਕੀਲਾਂ ਨੇ ਵੀ ਲਾਈ ਡਿਟੈਕਟਰ ਟੈਸਟ ਲਈ ਹਾਂ ਕਰ ਦਿਤੀ ਹੈ।

ਵੈਸੇ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ 34 ਸਾਲਾਂ ਵਿਚ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਤਾਂ ਹੁਣ ਕੀ ਮਿਲਣਾ ਹੈ ਇਹ ਕਾਰਵਾਈਆ ਤਾਂ ਮਹਿਜ਼ ਟਾਈਮ ਟਪਾਉਣ ਲਈ ਕੀਤੀਆਂ ਜਾ ਰਹੀਆਂ ਹਨ। ਕੁੱਝ ਸਮਾਂ ਸਿੱਖ ਦੰਗਿਆਂ ਦੇ ਇਕ ਹੋਰ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਦੇ ਕਬੂਲਨਾਮੇ ਦੀ ਵੀਡੀਓ ਜਾਰੀ ਹੋਈ ਸੀ ਪਰ ਉਸ ਨੂੰ ਲੈ ਕੇ ਕੁੱਝ ਵੀ ਨਹੀਂ ਹੋ ਸਕਿਆ। 

34 ਸਾਲਾਂ ਤੋਂ ਇਨਸਾਫ਼ ਮੰਗਦਿਆਂ ਪੀੜਤ ਸਿੱਖਾਂ ਦੀਆਂ ਅੱਖਾਂ ਦੇ ਹੰਝੂ ਵੀ ਸੁੱਕ ਗਏ ਹਨ ਪਰ ਹਾਲੇ ਤਕ ਕਿਸੇ ਸਰਕਾਰ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਜਹਿਮਤ ਨਹੀਂ ਉਠਾਈ। ਹਰ ਵਾਰ ਕਮਿਸ਼ਨ ਬਿਠਾਏ ਜਾਂਦੇ ਹਨ, ਜਾਂਚਾਂ ਕੀਤੀਆਂ ਜਾਂਦੀਆਂ ਹਨ ਪਰ ਇਨਸਾਫ਼ ਨਹੀਂ ਦਿਵਾਇਆ ਜਾਂਦਾ। ਕੁੱਝ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਹੁਣ ਭਾਵੇਂ ਕਿ ਸੱਜਣ ਕੁਮਾਰ ਨੇ ਲਾਈ ਡਿਟੈਕਟਰ ਟੈਸਟ ਲਈ ਹਾਂ ਕਰ ਦਿਤੀ ਹੈ ਪਰ ਇਹ ਵੀ ਮਹਿਜ਼ ਖ਼ਾਨਾਪੂਰਤੀ ਹੈ, ਇਸ ਨਾਲ ਵੀ ਸਿੱਖਾਂ ਦਾ ਇਹ ਦੁਸ਼ਮਣ ਜੇਲ੍ਹ ਵਿਚ ਨਹੀਂ ਡੱਕਿਆ ਨਹੀਂ ਜਾਵੇਗਾ ਕਿਉਂਕਿ ਸੱਤਾ ਵਿਚ ਭਾਵੇਂ ਕਾਂਗਰਸ ਹੋਵੇ ਜਾਂ ਭਾਜਪਾ, ਸਿੱਖਾਂ ਦੇ ਮਾਮਲੇ ਵਿਚ ਸਭ ਆਪਸ ਵਿਚ ਮਿਲੇ ਹੋਏ ਹਨ।