ਤੀਜਾ ਮੋਰਚਾ ਨਹੀਂ ਬਣੇਗਾ, ਵਿਰੋਧੀ ਧਿਰ ਇਕਜੁਟ ਹੋ ਕੇ ਲੜੇਗੀ ਅਗਲੀਆਂ ਚੋਣਾਂ : ਸ਼ਰਦ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਵਗੌੜਾ ਨੇ ਦਿਤੇ ਗਠਜੋੜ ਦੇ ਸੰਕੇਤ

Sharad Yadav

ਨਵੀਂ ਦਿੱਲੀ : ਸੀਨੀਅਰ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਕਿਹਾ ਹੈ ਕਿ ਤੀਜਾ ਮੋਰਚਾ ਨਹੀਂ ਬਣੇਗਾ, ਸਮੁੱਚੀ ਵਿਰੋਧੀ ਧਿਰ ਇਕਜੁਟ ਹੋ ਕੇ ਅਗਲੀਆਂ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਅਜਿਹਾ ਤੀਜਾ ਮੋਰਚਾ ਬਣਨ ਦਾ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ। ਯਾਦਵ ਨੇ ਕਿਹਾ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੀਜੇ ਮੋਰਚੇ ਦੇ ਗਠਨ ਦੀ ਕਵਾਇਦ ਤੋਂ ਵਿਰੋਧੀ ਧਿਰ ਦੀ ਇਕਜੁਟਤਾ 'ਤੇ ਅਸਰ ਨਹੀਂ ਪਵੇਗਾ। ਟੀਐਮਸੀ ਮੁਖੀ ਮਮਤਾ ਬੈਨਰਜੀ ਅਤੇ ਟੀਆਰਐਸ ਮੁਖੀ ਚੰਦਰਸ਼ੇਖ਼ਰ ਰਾਉ ਦੁਆਰਾ ਤੀਜਾ ਮੋਰਚਾ ਬਣਾਉਣ ਦੀ ਕਵਾਇਦ ਤੋਂ ਵਿਰੋਧੀ ਧਿਰ ਦੀ ਏਕਤਾ ਦੇ ਯਤਨਾਂ ਨੂੰ ਧੱਕਾ ਲੱਗਣ ਦੇ ਸਵਾਲਾਂ 'ਤੇ ਉਨ੍ਹਾਂ ਕਿਹਾ, 'ਮੈਨੂੰ ਨਹੀਂ ਲਗਦਾ ਕਿ ਤੀਜਾ ਮੋਰਚਾ ਵਜੂਦ ਵਿਚ ਆਏਗਾ। ਕੁੱਝ ਸਮਾਂ ਉਡੀਕ ਕਰੋ, ਤੀਜਾ ਮੋਰਚਾ ਬਣਾਉਣ ਵਾਲੇ ਹੀ ਸਾਂਝੀ ਵਿਰੋਧੀ ਧਿਰ ਦੀ ਗੱਲ ਕਰਨਗੇ।' ਉਨ੍ਹਾਂ ਕਿਹਾ, 'ਇਸ ਵਾਰ ਸੰਵਿਧਾਨ ਨੂੰ ਬਚਾਉਣ ਦੀ ਚੁਨੌਤੀ ਹੈ,

ਇਸ ਲਈ ਸਾਂਝੀ ਵਿਰਾਸਤ ਦੇ ਮੰਚ 'ਤੇ ਸਾਰੀਆਂ ਪਾਰਟੀਆਂ ਅਤੇ ਸੰਗਠਨਾਂ ਨੂੰ ਇਕਜੁਟ ਕਰਨ ਵਿਚ ਮਿਲੀ ਕਾਮਯਾਬੀ ਤੋਂ ਮੈਂ ਆਸਵੰਦ ਹਾਂ ਕਿ ਸਾਰੀਆਂ ਵਿਰੋਧੀ ਪਾਰਟੀਆਂ, ਮੋਦੀ ਸਰਕਾਰ ਕਾਰਨ ਉਪਜੇ ਸੰਕਟ ਤੋਂ ਦੇਸ਼ ਨੂੰ ਉਭਾਰਨ ਲਈ ਤਤਪਰ ਹੈ।' ਜ਼ਿਕਰਯੋਗ ਹੈ ਕਿ ਤੀਜੇ ਮੋਰਚੇ ਦੇ ਗਠਨ ਲਈ ਪਿਛਲੇ ਸਮੇਂ ਦੌਰਾਨ ਕਈ ਬੈਠਕਾਂ ਹੋ ਚੁਕੀਆਂ ਹਨ। ਪਿੱਛੇ ਜਿਹੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਅਪਣੇ ਘਰ ਰਾਤ ਦੇ ਖਾਣੇ 'ਤੇ ਬੁਲਾਇਆ ਸੀ।   ਯਾਦਵ ਦੀ ਅਗਵਾਈ ਵਿਚ ਜੇਡੀਯੂ ਤੋਂ ਵੱਖ ਹੋਏ ਕੁੱਝ ਆਗੂਆਂ ਦੁਆਰਾ ਨਵੀਂ ਪਾਰਟੀ ਬਣਾਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਬਿਹਾਰ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮਹਾਂਗਠਜੋੜ ਤੋਂ ਵੱਖ ਹੋਣ ਕਾਰਨ ਇਨ੍ਹਾਂ ਆਗੂਆਂ ਨੇ ਜਮਹੂਰੀ ਜਨਤਾ ਦਲ ਦਾ ਗਠਨ ਕੀਤਾ ਹੈ। (ਏਜੰਸੀ)