ਪੱਛਮ ਬੰਗਾਲ ਪੰਚਾਇਤੀ ਚੋਣਾਂ 'ਚ ਹਿੰਸਾ ਦੌਰਾਨ 6 ਲੋਕਾਂ ਮੌਤ, ਕਈ ਥਾਵਾਂ 'ਤੇ ਹੋਈ ਹਿੰਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੰਬੀ ਚੋਣਾਵੀ ਲੜਾਈ ਤੋਂ ਬਾਅਦ ਪੱਛਮ ਬੰਗਾਲ ਵਿਚ ਸੋਮਵਾਰ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਵੋਟਿੰਗ ਦੌਰਾਨ ਕਈ ਥਾਵਾਂ 'ਤੇ ਹਿੰਸਾ ਹੋਣ ਦੀਆਂ ਖ਼ਬਰਾਂ ਹਨ।

voting for panchayat elections in 20-districts of west-bengal, 6 dead

ਕੋਲਕਾਤਾ : ਲੰਬੀ ਚੋਣਾਵੀ ਲੜਾਈ ਤੋਂ ਬਾਅਦ ਪੱਛਮ ਬੰਗਾਲ ਵਿਚ ਸੋਮਵਾਰ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਵੋਟਿੰਗ ਦੌਰਾਨ ਕਈ ਥਾਵਾਂ 'ਤੇ ਹਿੰਸਾ ਹੋਣ ਦੀਆਂ ਖ਼ਬਰਾਂ ਹਨ। ਚੋਣਾਂ ਦੌਰਾਨ ਇੱਥੇ ਵੱਖ-ਵੱਖ ਦਲਾਂ ਦੇ ਸਮਰਥਕਾਂ ਵਿਚਕਾਰ ਹਿੰਸਕ ਝੜਪਾਂ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਰਾਜ ਚੋਣ ਕਮਿਸ਼ਨ ਦੇ ਸਕੱਤਰ ਸ਼ਾਂਡਿਲਯ ਨੇ ਕਿਹਾ ਕਿ ਸਾਨੂੰ ਅਜੇ ਤਕ ਛੇ ਲੋਕਾਂ ਦੀ ਮੌਤ ਦੀਆਂ ਫ਼ੋਨ 'ਤੇ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਲਿਖਤੀ ਪੁਸ਼ਟੀ ਦਾ ਇੰਤਜ਼ਾਰ ਕਰ ਰਹੇ ਹਾਂ। ਰਾਜ ਵਿਚ ਦੁਪਹਿਰ ਤਿੰਨ ਵਜੇ ਤਕ ਹੀ 54 ਫ਼ੀਸਦੀ ਤੋਂ ਜ਼ਿਆਦਾ ਵੋਟਿੰਗ ਹੋ ਗਈ ਸੀ। 

ਪੁਲਿਸ ਨੇ ਕਿਹਾ ਕਿ ਨਦੀਆ ਜ਼ਿਲ੍ਹੇ ਵਿਚ ਵੋਟਿੰਗ ਕੇਂਦਰ ਦੇ ਅੰਦਰ ਜਾਣ ਦਾ ਯਤਨ ਕਰ ਰਹੇ ਇਕ ਨੌਜਵਾਨ ਦੀ ਕੁੱਟ ਕੇ ਹੱਤਿਆ ਕਰ ਦਿਤੀ ਗਈ , ਜਦਕਿ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ ਦੀ ਦੱਖਣ 24 ਪਰਗਨਾ ਜ਼ਿਲ੍ਹੇ ਦੇ ਕੁਲਟਲੀ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦਾ ਕਹਿਣਾ ਹੈ ਕਿ ਉਸ ਦੇ ਤਿੰਨ ਵਰਕਰਾਂ ਦੀ ਉਤਰ 24 ਪਰਗਨਾ ਦੇ ਅਮਡੰਗਾ ਵਿਚ ਬੰਬ ਹਮਲਿਆਂ ਵਿਚ ਮੌਤ ਹੋ ਗਈ। 

ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਦੋ ਦੀ ਮੌਤ ਹੋ ਗਈ, ਜਦਕਿ ਨਦੀਆ ਵਿਚ ਵੀ ਇਕ ਦੀ ਮੌਤ ਹੋ ਗਈ। ਨਦੀਆ ਜ਼ਿਲ੍ਹੇ ਦੇ ਪੁਲਿਸ ਮੁਖੀ ਸੰਤੋਸ਼ ਪਾਂਡੇ ਨੇ ਦਸਿਆ ਕਿ ਨਦੀਆ ਜ਼ਿਲ੍ਹੇ ਦੇ ਸ਼ਾਂਤੀਪੁਰ ਖੇਤਰ ਵਿਚ ਸੋਮਵਾਰ ਸਵੇਰੇ ਸਥਾਨਕ ਲੋਕਾਂ ਨੇ ਤਿੰਨ ਨੌਜਵਾਨ ਦੀ ਮਾਰਕੁੱਟ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਬਚਾਇਆ ਅਤੇ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ। ਇਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। 

ਕੁਲਟਲੀ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰ ਆਰਿਫ਼ ਅਲੀ ਗਜ਼ੀ ਨੂੰ ਵੋਟਿੰਗ ਕੇਂਦਰ ਤੋਂ ਨਿਕਲਦੇ ਸਮੇਂ ਗੋਲੀ ਮਾਰ ਦਿਤੀ ਗਈ। ਮਾਕਪਾ ਦੇ ਉਤਰ 24 ਪਰਗਨਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਦੇਸੀ ਬੰਬ ਦੇ ਹਮਲੇ ਵਿਚ ਉਨ੍ਹਾਂ ਦੀ ਪਾਰਟੀ ਦੇ ਇਕ ਵਰਕਰ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਅਮਡੰਗਾ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਘਟਨਾ ਸਬੰਧੀ ਸੁਣਿਆ ਹੈ ਪਰ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। 

ਸੂਬੇ ਵਿਚ ਸਵੇਰੇ 7 ਵਜੇ ਤੋਂ ਹੀ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਜੋ ਪੰਜ ਵਜੇ ਤਕ ਜਾਰੀ ਰਹੀ। ਇਨ੍ਹਾਂ ਚੋਣਾਂ ਵਿਚ 38616 ਉਮੀਦਵਾਰ ਚੋਣ ਮੈਦਾਨ ਵਿਚ ਹਨ। ਚੋਣ ਸਰਵੇਖਣਾਂ ਤੋਂ ਅੰਦਾਜ਼ਾ ਲਗਾਇਆ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਇਨ੍ਹਾਂ ਚੋਣਾਂ ਵਿਚ ਖੱਬੇ ਮੋਰਚੇ ਅਤੇ ਕਾਂਗਰਸ ਨੂੰ ਪਿੱਛੇ ਛੱਡ ਦੇਵੇਗੀ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਮਹਣੇ ਮੁੱਖ ਵਿਰੋਧੀ ਪਾਰਟੀ ਦੇ ਤੌਰ 'ਤੇ ਉਭਰ ਕੇ ਆਵੇਗੀ। 

ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਤਿੰਨ ਪੱਧਰੀ ਪੰਚਾਇਤ ਚੋਣਾਂ ਵਿਚ ਕੁਲ 58692 ਸੀਟਾਂ ਵਿਚੋਂ 20076 ਸੀਟਾਂ 'ਤੇ ਪਹਿਲਾਂ ਹੀ ਬਿਨਾਂ ਵਿਰੋਧ ਦੇ ਉਮੀਦਵਾਰ ਚੁਣ ਲਏ ਗਏ ਹਨ। ਸੁਪਰੀਮ ਕੋਰਟ ਨੇ ਰਾਜ ਚੋਣ ਕਮਿਸ਼ਨ ਨੂੰ ਬਿਨਾਂ ਵਿਰੋਧ ਜਿੱਤਣ ਵਾਲੇ ਉਮੀਦਵਾਰਾਂ ਦੇ ਸਰਟੀਫਿਕੇਟ ਜਾਰੀ ਨਾ ਕਰਨ ਲਈ ਕਿਹਾ ਹੈ। 

ਦਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੱਛਮ ਬੰਗਾਲ ਵਿਚ ਇਹ ਆਖ਼ਰੀ ਚੋਣ ਹੈ, ਜਿਸ ਦੇ ਨਤੀਜੇ 17 ਮਈ ਨੂੰ ਆਉਣੇ ਹਨ। ਇਸ ਚੋਣ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਖੱਬਿਆਂ ਵਿਚਕਾਰ ਜਮ ਕੇ ਜ਼ੁਬਾਨੀ ਜੰਗ ਚੱਲੀ ਹੈ। ਮਾਮਲਾ ਅਦਾਲਤ ਤਕ ਪਹੁੰਚਿਆ ਅਤੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਇੱਥੇ ਸੋਮਵਾਰ ਨੂੰ ਚੋਣਾਂ ਹੋ ਸਕੀਆਂ ਹਨ।