ਤਾਲਾਬੰਦੀ ਦਾ ਅਸਰ, ਪੇਂਡੂ ਭਾਰਤ ਵਿਚ 50 ਫ਼ੀ ਸਦੀ ਪਰਵਾਰ ਘੱਟ ਖਾਣਾ ਖਾ ਰਹੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ 12 ਰਾਜਾਂ ਦੇ ਪੇਂਡੂ ਖੇਤਰਾਂ ਵਿਚ 5000 ਘਰਾਂ ਵਿਚ ਕੀਤੇ ਗਏ ਸਰਵੇਖਣ ਵਿਚ ਪ੍ਰਗਟਾਵਾ ਹੋਇਆ ਹੈ

File Photo

ਨਵੀਂ ਦਿੱਲੀ, 13 ਮਈ: ਦੇਸ਼ ਦੇ 12 ਰਾਜਾਂ ਦੇ ਪੇਂਡੂ ਖੇਤਰਾਂ ਵਿਚ 5000 ਘਰਾਂ ਵਿਚ ਕੀਤੇ ਗਏ ਸਰਵੇਖਣ ਵਿਚ ਪ੍ਰਗਟਾਵਾ ਹੋਇਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਲਾਗੂ ਬੰਦ ਵਿਚਾਲੇ ਇਨ੍ਹਾਂ ਵਿਚੋਂ ਅੱਧੇ ਪਰਵਾਰ ਘੱਟ ਖਾਣਾ ਖਾ ਰਹੇ ਹਨ। ਇਸ ਸਰਵੇਖਣ ਦਾ ਨਾਮ 'ਕੋਵਿਡ 19 ਲਾਕਡਾਊਨ : ਹਾਉ ਇਜ਼ ਹਿੰਟਰਲੈਂਡ ਕੋਪਿੰਗ' ਯਾਨੀ ਕੋਵਿਡ-19 ਕਾਰਨ ਲਾਗੂ ਬੰਦ ਵਿਚ ਦੂਰ ਦੁਰਾਡੇ ਦੇ ਇਲਾਕੇ ਕਿਵੇਂ ਜ਼ਿੰਦਗੀ ਜੀਅ ਰਹੇ ਹਨ। ਇਹ ਸਰਵੇਖਣ 47 ਜ਼ਿਲ੍ਹਿਆਂ ਵਿਚ ਕੀਤਾ ਗਿਆ। ਬੰਦ ਲਾਗੂ ਹੋਣ ਮਗਰੋਂ ਪੇਂਡੂ ਇਲਾਕਿਆਂ ਵਿਚ 50 ਫ਼ੀ ਸਦੀ ਅਜਿਹੇ ਪਰਵਾਰ ਹਨ ਜਿਹੜੇ ਪਹਿਲਾਂ ਜਿੰਨੀ ਵਾਰ ਖਾਣਾ ਖਾਂਦੇ ਸਨ, ਉਸ ਵਿਚ ਕਟੌਤੀ ਕਰ ਦਿਤੀ ਹੈ ਤਾਕਿ ਜਿੰਨੀਆਂ ਵੀ ਚੀਜ਼ਾਂ ਉਪਲਭਧ ਰਹਿਣ, ਉਨ੍ਹਾਂ ਵਿਚੋਂ ਹੀ ਕਿਸੇ ਤਰ੍ਹਾਂ ਕੰਮ ਚਲਾਇਆ ਜਾ ਸਕੇ।

68 ਫ਼ੀ ਸਦੀ ਪਰਵਾਰ ਅਜਿਹੇ ਹਨ ਜਿਨ੍ਹਾਂ ਕੋਲ ਖਾਣੇ ਦੀ ਵੰਨ-ਸੁਵੰਨਤਾ ਵਿਚ ਕਮੀ ਆਈ ਹੈ ਯਾਨੀ ਉਨ੍ਹਾਂ ਦੀ ਥਾਲੀ ਵਿਚ ਪਹਿਲਾਂ ਦੇ ਮੁਕਾਬਲੇ ਘੱਟ ਕਿਸਮ ਦੇ ਖਾਣੇ ਹੁੰਦੇ ਹਨ। ਇਨ੍ਹਾਂ ਵਿਚੋਂ 84 ਫ਼ੀ ਸਦੀ ਅਜਿਹੇ ਪਰਵਾਰ ਹਨ ਜਿਨ੍ਹਾਂ ਨੂੰ ਜਨਤਕ ਵੰਡ ਪ੍ਰਣਾਲੀ ਜ਼ਰੀਏ ਖਾਧ ਪਦਾਰਥ ਮਿਲੇ ਅਤੇ 37 ਫ਼ੀ ਸਦੀ ਅਜਿਹੇ ਪਰਵਾਰ ਹਨ ਜਿਨ੍ਹਾਂ ਨੂੰ ਰਾਸ਼ਨ ਮਿਲਿਆ। 24 ਫ਼ੀ ਸਦੀ ਅਜਿਹੇ ਹਨ ਜਿਨ੍ਹਾਂ ਪਿੰਡਾਂ ਵਿਚ ਅਨਾਜ ਉਧਾਰ ਲਿਆ ਅਤੇ 12 ਫ਼ੀ ਸਦੀ ਲੋਕਾਂ ਨੂੰ ਮੁਫ਼ਤ ਵਿਚ ਖਾਣ-ਪੀਣ ਦੀਆਂ ਚੀਜ਼ਾਂ ਮਿਲੀਆਂ। ਬੁਧਵਾਰ ਨੂੰ ਵੈਬੀਨਾਰ ਨੇ ਇਹ ਸਰਵੇਖਣ ਜਾਰੀ ਕੀਤਾ। ਅਧਿਐਨ ਵਿਚ ਇਹ ਪ੍ਰਗਟਾਵਾ ਹੋਇਆ ਕਿ ਇਹ ਪਰਵਾਰ ਹਾੜ੍ਹੀ ਦੀ ਤੁਲਨਾ ਵਿਚ ਸਾਉਣੀ ਦੇ ਭੰਡਾਰ 'ਤੇ ਜ਼ਿਆਦਾ ਨਿਰਭਰ ਹਨ ਪਰ ਇਹ ਭੰਡਾਰ ਵੀ ਹੁਣ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। (ਏਜੰਸੀ)