ਆਮ ਲੋਕਾਂ ਨੂੰ ਫ਼ੌਜ ਵਿਚ ਤਿੰਨ ਸਾਲ ਲਈ ਭਰਤੀ ਕਰਨ ਦੀ ਤਜਵੀਜ਼ ਵਿਚਾਰ ਅਧੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਫ਼ੌਜ ਆਮ ਨਾਗਰਿਕਾਂ ਨੂੰ ਤਿੰਨ ਸਾਲਾਂ ਲਈ ਫ਼ੌਜ ਵਿਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼

File Photo

ਨਵੀਂ ਦਿੱਲੀ, 13 ਮਈ: ਭਾਰਤੀ ਫ਼ੌਜ ਆਮ ਨਾਗਰਿਕਾਂ ਨੂੰ ਤਿੰਨ ਸਾਲਾਂ ਲਈ ਫ਼ੌਜ ਵਿਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਦਾ ਅਧਿਐਨ ਕਰ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਸਮੇਂ ਫ਼ੌਜ ਸ਼ਾਰਟ ਸਰਵਿਸ ਕਮਿਸ਼ਨ ਤਹਿਤ ਨੌਜਵਾਨਾਂ ਨੂੰ 10 ਸਾਲ ਦੇ ਮੁਢਲੇ ਕਾਰਜਕਾਲ ਲਈ ਭਰਤੀ ਕਰਦੀ ਹੈ। ਫ਼ੌਜ ਦੇ ਬੁਲਾਰੇ ਨੇ ਦਸਿਆ, 'ਫ਼ੌਜ ਆਮ ਨਾਗਰਿਕਾਂ ਨੂੰ ਤਿੰਨ ਸਾਲ ਦੇ ਸਮੇਂ ਲਈ ਫ਼ੋਰਸ ਵਿਚ ਸ਼ਾਮਲ ਕਰਨ ਦੀ ਤਜਵੀਜ਼ 'ਤੇ ਵਿਚਾਰ ਕਰ ਰਹੀ ਹੈ।'

ਫ਼ੌਜ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਆਕਰਸ਼ਤ ਕਰਨ ਲਈ ਅਕਸਰ ਯਤਨ ਕਰਦੀ ਰਹਿੰਦੀ ਹੈ। ਸੂਤਰਾਂ ਨੇ ਦਸਿਆ ਕਿ ਉਕਤ ਤਜਵੀਜ਼ 13 ਲੱਖ ਅਧਿਕਾਰੀਆਂ ਅਤੇ ਜਵਾਨਾਂ ਵਾਲੀ ਥਲ ਸੈਨਾ ਵਿਚ ਸੁਧਾਰ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਤਜਵੀਜ਼ ਦੀ ਵਿਆਪਕ ਰੂਪ ਰੇਖਾ ਨੂੰ ਹਾਲੇ ਅੰਤਮ ਰੂਪ ਨਹੀਂ ਦਿਤਾ ਗਿਆ। (ਏਜੰਸੀ)