ਸੱਜਣ ਕੁਮਾਰ ਨੂੰ ਜੇਲ 'ਚੋਂ ਨਹੀਂ ਕਢਵਾ ਸਕਦਾ ਗਾਂਧੀ ਪਰਵਾਰ : ਮਨਜਿੰਦਰ ਸਿੰਘ ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਵੇਂ ਲੱਖ

File Photo

ਨਵੀਂ ਦਿੱਲੀ, 13 ਮਈ (ਸੁਖਰਾਜ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਸੱਜਣ ਕੁਮਾਰ ਤੇ 1984 ਦੇ ਸਿੱਖ ਕਤਲੇਆਮ ਦੇ ਹੋਰ ਦੋਸ਼ੀਆਂ ਨੂੰ ਜੇਲ ਵਿਚੋਂ ਨਹੀਂ ਕਢਵਾ ਸਕਦੀ। ਸ. ਸਿਰਸਾ ਨੇ ਸੁਪਰੀਮ ਕੋਰਟ ਵਲੋਂ ਅੱਜ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਨੇ ਲੱਖ ਕੋਸ਼ਿਸ਼ਾਂ ਕੀਤੀਆਂ ਪਰ ਸੁਪਰੀਮ ਕੋਰਟ ਨੇ ਫਿਰ ਤੋਂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਹੈ।

ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਾਂਗਰਸ ਦੇ ਆਗੂ ਬਲਵੰਤ ਖੋਖਰ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਦੀ ਪੈਰੋਲ ਦੀ ਅਰਜ਼ੀ ਵੀ ਰੱਦ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ ਵਿਚੋਂ ਬਾਹਰ ਕੱਢਣ ਦੇ ਕਾਂਗਰਸ ਪਾਰਟੀ ਦੇ ਯਤਨ ਨਾਕਾਮ ਹੋ ਗਏ ਹਨ ਤੇ ਭਵਿੱਖ ਵਿਚ ਵੀ ਹੁੰਦੇ ਰਹਿਣਗੇ।

ਸ. ਸਿਰਸਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਤੇ ਖਾਸ ਤੌਰ 'ਤੇ ਗਾਂਧੀ ਪਰਵਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਜਿਥੇ ਸੱਜਣ ਕੁਮਾਰ ਜੇਲ ਵਿਚ ਹੈ ਤੇ ਜੇਲ ਵਿਚ ਹੀ ਰਹੇਗਾ, ਉਥੇ ਹੀ ਕਾਂਗਰਸ ਦੇ ਚੋਟੀ ਦੇ ਆਗੂ ਕਮਲਨਾਥ ਵੀ ਜਲਦੀ ਹੀ ਜੇਲ ਵਿਚ ਪੁੱਜ ਜਾਣਗੇ ਕਿਉਂਕਿ ਉਨ੍ਹਾਂ ਦੀ ਵੀ 1984 ਦੇ ਸਿੱਖ ਕਤਲੇਆਮ ਵਿਚ ਸਰਗਰਮ ਭੂਮਿਕਾ ਸੀ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਵਜੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਕੰਮ ਕਰਦਾ ਰਿਹਾ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਅਪਣਾ ਇਹ ਸੰਘਰਸ਼ ਜਾਰੀ ਰੱਖੇਗਾ ਤੇ ਸਾਰੇ ਦੋਸ਼ੀਆਂ ਨੂੰ ਜੇਲ ਭੇਜ ਕੇ ਹੀ ਦਮ ਲਵੇਗਾ।