1984 ਸਿੱਖ ਕਤਲੇਆਮ , ਸੁਪਰੀਮ ਕੋਰਟ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
1984 'ਚ ਹੋਏ ਦਿੱਲੀ ਸਿੱਖ ਕਤਲੇਆਮ ਮਾਮਲੇ 'ਚ ਉਮਰਕੈਦ ਦੀ ਸਜ਼ਾਯਾਫ਼ਤਾ ਸਾਬਕਾ ਐਮਪੀ ਤੇ ਸਾਬਕਾ ਕਾਂਗਰਸੀ ਆਗੂ
ਨਵੀਂ ਦਿੱਲੀ, 13 ਮਈ : 1984 'ਚ ਹੋਏ ਦਿੱਲੀ ਸਿੱਖ ਕਤਲੇਆਮ ਮਾਮਲੇ 'ਚ ਉਮਰਕੈਦ ਦੀ ਸਜ਼ਾਯਾਫ਼ਤਾ ਸਾਬਕਾ ਐਮਪੀ ਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਜੁਲਾਈ ਮਹੀਨੇ ਤਕ ਟਾਲਦਿਆਂ ਅਦਾਲਤ ਨੇ ਸੱਜਣ ਕੁਮਾਰ ਨੂੰ ਫ਼ਿਲਹਾਲ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਮੰਡੋਲੀ ਜੇਲ 'ਚ ਸਿੱਖ ਕਤਲੇਆਮ ਮਾਮਲੇ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੇ ਖ਼ਰਾਬ ਸਿਹਤ ਦੇ ਆਧਾਰ 'ਤੇ ਜ਼ਮਾਨਤ ਦੀ ਅਪੀਲ ਕੀਤੀ ਸੀ।
ਬੀਤੇ ਸਾਲ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ 1984 ਸਿੱਖ ਕਤਲੇਆਮ ਦੇ ਇਕ ਮਾਮਲੇ 'ਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਦਿਆਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਸੀ। ਨਾਲ ਹੀ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਦਿੱਲੀ ਤੋਂ ਲੋਕ ਸਭਾ ਸੰਸਦ ਮੈਂਬਰ ਰਹਿ ਚੁੱਕੇ ਕਾਂਗਰਸੀ ਆਗੂ ਸੱਜਣ ਕੁਮਾਰ 'ਤੇ ਹੱਤਿਆ, ਸਾਜ਼ਿਸ਼, ਦੰਗੇ ਭੜਕਾਉਣ ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਸੀ। ਦਿੱਲੀ ਦੀ ਰਾਜਨੀਤੀ 'ਚ ਸੱਜਣ ਕੁਮਾਰ ਦੇ ਕੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ
ਕਿ ਉਸ ਨੇ 1991 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਸਨ ਤੇ ਬਾਹਰਲੀ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸਹਿਬ ਸਿੰਘ ਵਰਮਾ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਸਨ। ਸਾਹਿਬ ਸਿੰਘ ਵਰਮਾ ਉਹੀ ਨੇਤਾ ਹਨ ਜੋ ਬਾਅਦ ਵਿਚ ਦਿੱਲੀ ਦੇ ਮੁੱਖ ਮੰਤਰੀ ਵੀ ਬਣੇ। ਇਸ ਦੇ ਨਾਲ ਹੀ ਸੱਜਣ ਕੁਮਾਰ ਨੂੰ 2004 ਵਿਚ ਕਾਂਗਰਸ ਪਾਰਟੀ ਨੇ ਟਿਕਟ ਦਿਤੀ ਸੀ ਅਤੇ ਉਸ ਨੇ ਲੋਕ ਸਭਾ ਚੋਣ ਵੀ ਜਿੱਤੀ ਸੀ। ਇਸ ਤੋਂ ਬਾਅਦ 2004 ਅਤੇ 2009 'ਚ ਕਾਂਗਰਸ ਨੇ ਸਿੱਖਾਂ ਨੂੰ ਅਪਣੀ ਨਾਰਾਜ਼ਗੀ ਦੇ ਮੱਦੇਨਜ਼ਰ ਟਿਕਟ ਨਹੀਂ ਦਿਤੀ।
ਸੱਜਣ ਕੁਮਾਰ ਨੂੰ ਵੀ ਕਾਂਗਰਸ ਦੇ ਵੱਡੇ ਆਗੂਆਂ ਨਾਲ ਆਉਣ ਲਈ ਵੀ ਮਨ੍ਹਾ ਕਰ ਦਿਤਾ ਜਾਂਦਾ ਸੀ। ਇਥੋਂ ਤਕ ਕਿ ਦੋ ਸਾਲ ਪਹਿਲਾਂ ਜਦੋਂ ਕਾਂਗਰਸ ਦੇ ਰਾਹੁਲ ਗਾਂਧੀ ਨੇ ਦਿੱਲੀ 'ਚ ਧਰਨਾ ਦਿਤਾ ਸੀ, ਉਸ ਵਿਚ ਵੀ ਹਿੱਸਾ ਲੈਣ ਲਈ ਸੱਜਣ ਕੁਮਾਰ ਨਹੀਂ ਆਇਆ ਸੀ। (ਏਜੰਸੀ)