ਗੁਜਰਾਤ: 71 ਦਿਨਾਂ 'ਚ ਜਾਰੀ ਕੀਤੇ 1.23 ਲੱਖ ਡੈੱਥ ਸਰਟੀਫਿਕੇਟ ਪਰ ਸਰਕਾਰ ਦਾ ਅੰਕੜਾ ਸਿਰਫ਼ 4,218
ਮਾਰਚ 2020 ਵਿਚ 23,352, ਅ੍ਰਪੈਲ 2020 ਵਿਚ 21,591 ਅਤੇ ਮਈ ਵਿਚ 13,125 ਮੌਤਾਂ ਦਰਜ ਕੀਤੀਆਂ ਗਈਆਂ ਸਨ।
ਗੁਜਰਾਤ - ਗੁਜਰਾਤ ਵਿਚ ਕੋਰੋਨਾ ਦੇ ਨਵੇਂ ਕੇਸ ਅਤੇ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਅਹਿਮਦਾਬਾਦ, ਸੂਰਤ, ਰਾਜਕੋਟ, ਭਾਵਨਗਰ, ਜਾਮਨਗਰ ਵਰਗਿਆਂ ਜ਼ਿਲ੍ਹਿਆ ਵਿਚ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਸ਼ਮਸ਼ਾਨ ਘਾਟ ਵਿਚ ਸਸਕਾਰ ਲਈ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਪਰ ਇਸ ਦੇ ਬਾਵਜੂਦ ਸਰਕਾਰ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਲਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
1 ਮਾਰਚ 2021 ਤੋਂ 10 ਮਈ 2021 ਤੱਕ ਦੇ ਡਾਟਾ ਅਨੁਸਾਰ ਸੂਬੇ ਦੇ 33 ਜ਼ਿਲ੍ਹਿਆ ਅਤੇ 8 ਨਿਗਮਾਂ ਦੁਆਰਾ ਸਿਰਫ਼ 71 ਦਿਨਾਂ ਵਿਚ 1 ਲੱਖ 23 ਹਜ਼ਾਰ 871 ਡੈੱਥ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਜਦਕਿ ਸਰਕਾਰੀ ਅੰਕੜਿਆਂ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ ਸਿਰਫ਼ 4 ਹਜ਼ਾਰ 218 ਹੀ ਦੱਸੀ ਗਈ ਹੈ।
ਡੈੱਥ ਸਰਟੀਫਿਕੇਟ ਦੇ ਮੁਤਾਬਿਕ ਇਸ ਸਾਲ ਮਾਰਚ ਮਹੀਨੇ ਵਿਚ ਹੀ ਸੂਬਿਆਂ ਵਿਚ 26,026, ਅ੍ਰਪੈਲ ਵਿਚ 57,796 ਅਤੇ ਮਈ ਮਹੀਨੇ ਦੇ ਸ਼ੁਰੂਆਤੀ 10 ਦਿਨਾਂ ਵਿਚ 40,051 ਮੌਤਾਂ ਹੋਈਆਂ ਹਨ। ਹੁਣ ਜੇ ਇਨ੍ਹਾਂ ਅੰਕੜਿਆਂ ਦੀ ਤੁਲਨਾ 2020 ਨਾਲ ਕੀਤੀ ਜਾਵੇ ਤਾਂ ਮਾਰਚ 2020 ਵਿਚ 23,352, ਅ੍ਰਪੈਲ 2020 ਵਿਚ 21,591 ਅਤੇ ਮਈ ਵਿਚ 13,125 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਹਨਾਂ ਅੰਕੜਿਆਂ ਤੋਂ ਸਾਫ਼ ਹੁੰਦਾ ਹੈ ਕਿ ਪਿਛਲੇ ਸਾਲ ਦੇ 71 ਦਿਨਾਂ ਵਿਚ ਮਰਨ ਵਾਲਿਆਂ ਦਾ ਅੰਕੜਾ ਦੋਗੁਣਾ ਹੋ ਚੁੱਕਾ ਹੈ।
ਡਾਕਟਰਾਂ ਅਤੇ ਮਰੀਜ਼ਾਂ ਦੇ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰਚ, ਅਪ੍ਰੈਲ ਅਤੇ ਮਈ 2021 ਦੇ 71 ਦਿਨਾਂ ਵਿਚ ਹੋਈਆਂ ਮੌਤਾਂ ਵਿਚ 80 ਫੀਸਦੀ ਮਰੀਜ਼ ਕੋਰੋਨਾ ਤੋਂ ਇਲਾਵਾ ਹੋ ਬਿਮਾਰੀ ਨਾਲ ਪੀੜਤ ਸਨ। ਸੂਬੇ ਵਿਚ ਸਭ ਤੋਂ ਜ਼ਿਆਦਾ 38 ਫੀਸਦੀ ਮੌਤਾਂ ਹਾਈਪਰਟੈਨਸ਼ਨ ਦੇ ਮਰੀਜ਼ਾਂ ਦੀ ਹੋਈ। ਇਸ ਦੇ ਨਾਲ ਹੀ ਕੋਰੋਨਾ ਦੇ 28% ਮਰੀਜ਼ਾਂ ਨੂੰ ਸ਼ੂਗਰ, ਗੁਰਦੇ ਅਤੇ ਜਿਗਰ ਨਾਲ ਸਬੰਧਤ ਬਿਮਾਰੀਆਂ ਸਨ। ਕੋਰੋਨਾ ਦੀ ਲਾਗ ਤੋਂ ਬਾਅਦ ਆਪਣੀ ਜਾਨ ਗੁਆਉਣ ਵਾਲਿਆਂ ਵਿੱਚੋਂ 14% ਉਹ ਸਨ ਜਿਨ੍ਹਾਂ ਨੂੰ ਹੋਰ ਛੋਟੀਆਂ ਬਿਮਾਰੀਆਂ ਸਨ।