ਰੋਨਾਲਡੋ ਤੇ ਮੈਸੀ ਨੂੰ ਪਛਾੜ ਕੇ ਵਿਸ਼ਵ ਦੇ ਸਭ ਤੋਂ ਅਮੀਰ ਖਿਡਾਰੀ ਬਣੇ ਕਨੋਰ ਮੈਕਗ੍ਰੇਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਸਾਲ ਵਿਚ ਕਮਾਏ 1324 ਕਰੋੜ

Conor McGregor

ਨਵੀਂ ਦਿੱਲੀ: ਦਿੱਗਜ ਮਿਕਸਡ ਮਾਰਸ਼ਲ ਆਰਟ ਲੜਾਕੂ ਕਨੋਰ ਮੈਕਗ੍ਰੇਗਰ ਵਿਸ਼ਵ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਐਥਲੀਟ ਬਣ ਗਏ ਹਨ। ਫੋਰਬਜ਼ ਮੈਗਜ਼ੀਨ ਨੇ ਸਾਲ 2020 ਦੇ ਚੋਟੀ ਦੇ ਕਮਾਈ ਕਰਨ ਵਾਲੇ 10 ਐਥਲੀਟਾਂ ਦੀ ਸੂਚੀ ਜਾਰੀ ਕੀਤੀ।

ਇਸ ਵਿਚ ਆਇਰਲੈਂਡ ਦਾ ਇਹ 32 ਸਾਲਾ ਲੜਾਕੂ ਲਗਭਗ 1,324 ਕਰੋੜ ਰੁਪਏ  ਦੀ ਕਮਾਈ ਦੇ ਨਾਲ ਇਸ ਸੂਚੀ ਵਿਚ ਸਿਖਰ 'ਤੇ ਹੈ। ਉਹਨਾਂ ਨੇ ਪਿਛਲੇ ਸਾਲ ਸਿਰਫ ਇੱਕ ਮੈਚ ਖੇਡਿਆ ਜਿਸ ਵਿੱਚ ਜਿੱਤ ਤੇ ਉਹਨਾਂ ਨੂੰ ਤਕਰੀਬਨ 162 ਕਰੋੜ ਮਿਲੇ। ਉਹਨਾਂ ਨੇ 1162 ਕਰੋੜ ਰੁਪਏ ਮੈਦਾਨ ਦੇ ਬਾਹਰਲੇ ਹੋਰ ਸਰੋਤਾਂ ਤੋਂ  ਕਮਾਏ। 

ਟੈਨਿਸ ਖਿਡਾਰੀ ਰੋਜਰ ਫੈਡਰਰ ਅਤੇ ਗੋਲਫਰ ਟਾਈਗਰ ਵੁੱਡਜ਼ ਤੋਂ ਬਾਅਦ ਉਹ ਵਿਸ਼ਵ ਦੇ ਤੀਜੇ ਖਿਡਾਰੀ ਹਨ ਜਿਸ ਨੇ ਇਕ ਸਾਲ ਵਿਚ 515 ਕਰੋੜ ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਕਮਾਈ ਮੈਦਾਨ ਦੇ ਬਾਹਰੋਂ ਕੀਤੀ ਹੈ।

ਮੈਕਗ੍ਰੇਗਰ ਸਮੇਤ ਚਾਰ ਖਿਡਾਰੀਆਂ ਨੇ ਪਿਛਲੇ ਸਾਲ 735 ਕਰੋੜ ਰੁਪਏ ਜਾਂ ਇਸ ਤੋਂ ਵੱਧ ਕਮਾਈ ਕੀਤੀ। ਇਨ੍ਹਾਂ ਵਿਚ ਪ੍ਰਸਿੱਧ ਫੁੱਟਬਾਲਰ ਲਿਓਨੇਲ ਮੈਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਸ਼ਾਮਲ ਹਨ। ਮੈਸੀ ਲਗਭਗ 956 ਕਰੋੜ ਰੁਪਏ  ਦੇ ਨਾਲ ਦੂਜੇ ਅਤੇ ਰੋਨਾਲਡੋ ਲਗਭਗ 882 ਕਰੋੜ ਦੇ ਨਾਲ ਤੀਜੇ ਸਥਾਨ 'ਤੇ ਹਨ। ਪਿਛਲੇ ਸਾਲ ਚੋਟੀ ਦਾ ਸਥਾਨ ਹਾਸਲ ਕਰਨ ਵਾਲਾ ਫੈਡਰਰ ਸੱਤਵੇਂ ਸਥਾਨ 'ਤੇ ਖਿਸਕ ਗਿਆ ਹੈ।