ਸੜਕਾਂ 'ਤੇ ਫੁੱਲ ਵੇਚਣ ਵਾਲੀ ਸਰਿਤਾ ਦੀ ਕਹਾਣੀ, ਹਿੰਦੀ ਸਾਹਿਤ ਵਿਚ PHD ਕਰਨ ਜਾਵੇਗੀ ਅਮਰੀਕਾ  

ਏਜੰਸੀ

ਖ਼ਬਰਾਂ, ਰਾਸ਼ਟਰੀ

- ਮਿਲੀ ਅਮਰੀਕਾ ਦੀਆਂ ਸਭ ਤੋਂ ਵੱਕਾਰੀ ਫੈਲੋਸ਼ਿਪਾਂ 'ਚੋਂ ਇੱਕ 'ਚਾਂਸਲਰ ਫੈਲੋਸ਼ਿਪ'

Sarita Mali

 

ਨਵੀਂ ਦਿੱਲੀ - ਜਿਸ ਨੇ ਅਪਣੇ ਮੁਕਾਮ ਹਾਸਲ ਕਰਨ ਦੀ ਠਾਨ ਲਈ ਹੋਵੇ ਫਿਰ ਉਸ ਨੂੰ ਕੋਈ ਨਹੀਂ ਰੋਕ ਸਕਦਾ। ਇਵੇਂ ਹੀ ਇਕ ਲੜਕੀ ਸਰਿਤਾ ਮਾਲੀ ਦੀ ਹਿੰਮਤ ਹੈ ਉਸ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਹਾਰੀ ਨਹੀਂ ਮੰਨੀ ਤੇ ਅਪਣਾ ਮੁਕਾਮ ਹਾਸਲ ਕਰ ਲਿਆ। ਸਰਿਤਾ ਨੇ ਮੁੰਬਈ ਦੇ ਟ੍ਰੈਫਿਕ ਸਿਗਨਲਾਂ 'ਤੇ ਫੁੱਲ ਵੇਚਣ ਤੋਂ ਲੈ ਕੇ ਜੇਐਨਯੂ ਅਤੇ ਫਿਰ ਅਮਰੀਕਾ ਵਿਚ ਉੱਚ ਸਿੱਖਿਆ ਦੇ ਸੁਪਨੇ ਦੇਖੇ ਤੇ ਉਹਨਾਂ ਨੂੰ ਪੂਰਾ ਵੀ ਕੀਤਾ।

ਮੂਲ ਰੂਪ ਵਿਚ ਜੌਨਪੁਰ, ਯੂਪੀ ਦੀ ਰਹਿਣ ਵਾਲੀ ਸਰਿਤਾ ਮਾਲੀ ਦੀ ਕਹਾਣੀ ਸਾਡੇ ਸਾਰਿਆਂ ਨੂੰ ਉਮੀਦ ਦਿੰਦੀ ਹੈ। ਔਖੇ ਹਾਲਾਤਾਂ ਤੋਂ ਬਾਅਦ ਵੀ ਹਾਲਾਤਾਂ ਤੇ ਕਿਸਮਤ ਨੂੰ ਕੋਸਣ ਦੀ ਬਜਾਏ ਜੇ ਕੁਝ ਬਣਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਰਾਹ ਔਖਾ ਨਹੀਂ ਹੁੰਦਾ। ਸਰਿਤਾ ਮਾਲੀ ਦੀ ਕਾਮਯਾਬੀ ਸਦਕਾ ਜੇਐਨਯੂ ਦੇ ਵਾਈਸ ਚਾਂਸਲਰ ਪ੍ਰੋ. ਸ਼ਾਂਤੀਸ਼੍ਰੀ ਡੀ ਪੰਡਿਤ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਹ ਹਿੰਦੀ ਸਾਹਿਤ ਵਿਚ ਪੀਐਚਡੀ ਕਰਨ ਲਈ ਕੈਲੀਫੋਰਨੀਆ ਜਾਵੇਗੀ।

ਸਰਿਤਾ ਮਾਲੀ ਦੀ ਚੋਣ ਅਮਰੀਕਾ ਦੀ ਕੈਲੀਫ਼ੋਰਨੀਆ ਯੂਨੀਵਰਸਿਟੀ ਵਿਚ ਹੋਈ ਹੈ। ਹੁਣ ਉਹ ਜੇ. ਐੱਨ. ਯੂ. ਤੋਂ ਪੀ. ਐੱਚ. ਡੀ. ਕਰਨ ਤੋਂ ਬਾਅਦ ਅਮਰੀਕਾ ਜਾਵੇਗੀ। ਜਿੱਥੇ ਉਹ ਅਗਲੇ 7 ਸਾਲ ਤੱਕ ਖੋਜ ਕਰੇਗੀ। ਸਰਿਤਾ ਮਾਲੀ ਜਿਸ ਸਮਾਜਿਕ ਪਿਛੋਕੜ ਤੋਂ ਆਉਂਦੀ ਹੈ, ਉਥੋਂ ਅਮਰੀਕਾ ਜਾਣਾ ਕੋਈ ਆਮ ਗੱਲ ਨਹੀਂ ਹੈ। ਇਹ ਕਿਸੇ ਸੁਫ਼ਨੇ ਵਰਗਾ ਹੈ, ਜਿਸ ਨੂੰ ਸਰਿਤਾ ਮਾਲੀ ਨੇ ਸੱਚ ਕਰ ਵਿਖਾਇਆ ਹੈ। ਉਸ ਨੂੰ ਅਮਰੀਕਾ ਤੋਂ ਚਾਂਸਲਰ ਫੈਲੋਸ਼ਿਪ ਮਿਲੀ ਹੈ। ਨਗਰਪਾਲਿਕਾ ਸਕੂਲ ਵਿਚ ਪੜ੍ਹੀ ਸਰਿਤਾ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਹੋਣ ਤੱਕ ਹਰ ਦਿਨ ਆਪਣੇ ਪਿਤਾ ਦੇ ਫੁੱਲਾਂ ਦੇ ਵਪਾਰ ਵਿਚ ਮਦਦ ਕੀਤੀ।

ਇਕ ਸਮਾਂ ਸੀ ਜਦੋਂ ਉਹ ਮੁੰਬਈ ਦੀਆਂ ਸੜਕਾਂ ’ਤੇ ਫੁੱਲਾਂ ਦੇ ਹਾਲ ਵੇਚਦੇ ਹੋਏ ਨਜ਼ਰ ਆਉਂਦੀ ਸੀ। ਉਸ ਨੇ ਆਪਣੇ ਸੰਘਰਸ਼ ਦੀ ਕਹਾਣੀ ਨੂੰ ਆਪਣੀ ਫੇਸਬੁੱਕ ਅਕਾਊਂਟ ’ਤੇ ਸਾਂਝਾ ਕੀਤਾ ਹੈ। ਉਸ ਨੇ ਲਿਖਿਆ ਕਿ ਮੈਨੂੰ ਅਮਰੀਕਾ ਦੀਆਂ ਦੋ ਯੂਨੀਵਰਸਿਟੀਆਂ- ਕੈਲੀਫੋਰਨੀਆ ਯੂਨੀਵਰਸਿਟੀ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਚੁਣਿਆ ਗਿਆ ਹੈ ਪਰ ਮੈਂ ਕੈਲੀਫੋਰਨੀਆ ਯੂਨੀਵਰਸਿਟੀ ਨੂੰ ਤਰਜੀਹ ਦਿੱਤੀ ਹੈ। ਇਸ ਯੂਨੀਵਰਸਿਟੀ ਨੇ ਮੈਰਿਟ ਅਤੇ ਅਕਾਦਮਿਕ ਰਿਕਾਰਡ ਦੇ ਆਧਾਰ 'ਤੇ ਮੈਨੂੰ 'ਚਾਂਸਲਰ ਫੈਲੋਸ਼ਿਪ' ਪ੍ਰਦਾਨ ਕੀਤੀ ਹੈ, ਜੋ ਅਮਰੀਕਾ ਦੀ ਸਭ ਤੋਂ ਵੱਕਾਰੀ ਫੈਲੋਸ਼ਿਪਾਂ ਵਿਚੋਂ ਇੱਕ ਹੈ। ਮੈਂ ਮੂਲ ਰੂਪ ਵਿਚ ਯੂਪੀ ਦੇ ਜੌਨਪੁਰ ਤੋਂ ਹਾਂ, ਪਰ ਮੇਰਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ ਵਿਚ ਹੋਇਆ ਹੈ।

ਭਾਰਤ ਦਾ ਵੰਚਿਤ ਸਮਾਜ ਜਿਸ ਤੋਂ ਮੈਂ ਆਈ ਹਾਂ, ਉਹ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਹੈ। ਅੱਜ ਇਹ ਸਫ਼ਲਤਾ ਦੀ ਕਹਾਣੀ ਬਣ ਗਈ ਹੈ ਕਿਉਂਕਿ ਮੈਂ ਇੱਥੇ ਪਹੁੰਚ ਗਈ ਹਾਂ। ਜਦੋਂ ਤੁਸੀਂ ਇੱਕ ਹਨੇਰੇ ਸਮਾਜ ਵਿੱਚ ਜਨਮ ਲੈਂਦੇ ਹੋ, ਤਾਂ ਉਮੀਦ ਕਰੋ ਕਿ ਉਹ ਮੱਧਮ ਪ੍ਰਕਾਸ਼ ਜੋ ਤੁਹਾਡੇ ਜੀਵਨ ਵਿਚ ਦੂਰ-ਦੂਰ ਤੱਕ ਚਮਕਦਾ ਰਹਿੰਦਾ ਹੈ, ਤੁਹਾਡਾ ਸਹਾਰਾ ਬਣੇ। ਮੈਂ ਵੀ ਵਿੱਦਿਆ ਦੀ ਉਹੀ ਚਮਕਦੀ ਰੌਸ਼ਨੀ ਦਾ ਪਾਲਣ ਕੀਤਾ। ਮੇਰੀਆਂ ਉਮੀਦਾਂ ਮੇਰੇ ਮਾਪੇ ਅਤੇ ਮੇਰੀ ਪੜ੍ਹਾਈ ਸਨ।
ਅੱਜ ਮੈਂ ਜਿੱਥੇ ਹਾਂ ਉਸ ਦਾ ਸਿਹਰਾ ਮੇਰੇ ਪਿਤਾ ਨੂੰ ਜਾਂਦਾ ਹੈ।

ਪਰਿਵਾਰ ਨਾਲ ਮੁੰਬਈ ਦੀ ਇੱਕ ਝੁੱਗੀ ਵਿਚ ਰਹਿੰਦੀ ਸੀ। ਉਹਨਾਂ ਨੇ ਮੈਨੂੰ ਹਮੇਸ਼ਾ ਪੜ੍ਹਾਈ ਲਈ ਪ੍ਰੇਰਿਤ ਕੀਤਾ। ਜਦੋਂ ਮੈਂ ਛੇਵੀਂ ਜਮਾਤ ਵਿਚ ਪੜ੍ਹਦੀ ਸੀ, ਮੈਨੂੰ ਮੁੰਬਈ ਵਿਚ ਟ੍ਰੈਫਿਕ ਸਿਗਨਲਾਂ 'ਤੇ ਫੁੱਲ ਵੇਚਣ ਲਈ ਆਪਣੇ ਪਿਤਾ ਨਾਲ ਵਾਹਨਾਂ ਦੇ ਪਿੱਛੇ ਭੱਜਣਾ ਪੈਂਦਾ ਸੀ। ਜੇਕਰ ਫੁੱਲ ਵਿਕ ਜਾਂਦੇ ਤਾਂ ਪਰਿਵਾਰ ਨੂੰ ਮੁਸ਼ਕਿਲ ਨਾਲ 300 ਰੁਪਏ ਦਿਹਾੜੀ ਮਿਲਦੀ ਸੀ। 10ਵੀਂ ਤੋਂ ਬਾਅਦ ਮੈਂ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਸੀ। ਮੈਂ ਆਪਣੇ ਪਿਤਾ ਦੀ ਉੱਚ ਪੜ੍ਹਾਈ ਕਰਨ ਦੀ ਇੱਛਾ ਪੂਰੀ ਕਰਨਾ ਚਾਹੁੰਦੀ ਸੀ ਜੋ ਕਿ ਪੂਰਾ ਹੋ ਗਿਆ ਹੈ।