ਦਿੱਲੀ: ਮੁੰਡਕਾ ਇਲਾਕੇ 'ਚ ਅੱਗ ਲੱਗਣ ਕਾਰਨ 27 ਲੋਕਾਂ ਦੀ ਗਈ ਜਾਨ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਇਮਾਰਤ ਦੇ ਮਾਲਕਾਂ ਹਰੀਸ਼ ਗੋਇਲ ਅਤੇ ਵਰੁਣ ਗੋਇਲ ਨੂੰ ਹਿਰਾਸਤ 'ਚ ਲੈ ਲਿਆ।

Delhi Fire



ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਵਿਚ ਅੱਗ ਲੱਗ ਗਈ। ਇਸ ਹਾਦਸੇ 'ਚ 27 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਫਾਇਰ ਬ੍ਰਿਗੇਡ ਕਰਮਚਾਰੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 12 ਲੋਕ ਗੰਭੀਰ ਜ਼ਖਮੀ ਹਨ। ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਇਮਾਰਤ ਦੇ ਮਾਲਕਾਂ ਹਰੀਸ਼ ਗੋਇਲ ਅਤੇ ਵਰੁਣ ਗੋਇਲ ਨੂੰ ਹਿਰਾਸਤ 'ਚ ਲੈ ਲਿਆ। ਅੱਗ ਸ਼ੁੱਕਰਵਾਰ ਸ਼ਾਮ 4.40 ਵਜੇ ਲੱਗੀ।

Delhi Fire Incident

ਕਰੀਬ 7 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਰਾਤ 12 ਵਜੇ ਫਿਰ ਅੱਗ ਭੜਕਣ ਲੱਗੀ, ਜਿਸ ਨੂੰ ਮੌਕੇ 'ਤੇ ਮੌਜੂਦ ਫਾਇਰ ਫਾਈਟਰਜ਼ ਨੇ ਕਾਬੂ ਕਰ ਲਿਆ। ਬਚਾਅ ਟੀਮ ਨੇ ਇਮਾਰਤ ਦੀਆਂ ਖਿੜਕੀਆਂ ਤੋੜ ਕੇ ਫਸੇ ਲੋਕਾਂ ਨੂੰ ਬਾਹਰ ਕੱਢਿਆ। ਰਾਤ ਨੂੰ NDRF ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਜਿਸ ਇਮਾਰਤ 'ਚ ਅੱਗ ਲੱਗੀ, ਉੱਥੇ ਕਈ ਕੰਪਨੀਆਂ ਦੇ ਦਫ਼ਤਰ ਸਨ। ਇੱਥੋਂ ਕਰੀਬ 150 ਲੋਕਾਂ ਨੂੰ ਬਚਾਇਆ ਗਿਆ। ਇਸ ਦੇ ਲਈ 100 ਲੋਕਾਂ ਦੀ ਟੀਮ ਤਾਇਨਾਤ ਕੀਤੀ ਗਈ ਸੀ। ਦਿੱਲੀ ਪੁਲਿਸ ਨੇ ਘਟਨਾ ਸਥਾਨ ਤੋਂ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਤੱਕ ਗਰੀਨ ਕੋਰੀਡੋਰ ਬਣਾ ਦਿੱਤਾ ਤਾਂ ਜੋ ਜ਼ਖਮੀਆਂ ਨੂੰ ਤੇਜ਼ੀ ਨਾਲ ਹਸਪਤਾਲ ਪਹੁੰਚਾਇਆ ਜਾ ਸਕੇ। ਇਸ ਦੌਰਾਨ ਡੀਐਮ ਦਫ਼ਤਰ ਨੇ ਹੈਲਪਲਾਈਨ ਨੰਬਰ 011-25195529, 011-25100093 ਜਾਰੀ ਕੀਤੇ ਹਨ।

Delhi Fire

ਰਾਤ ਕਰੀਬ 1 ਵਜੇ ਬਾਹਰੀ ਦਿੱਲੀ ਦੇ ਡੀਸੀਪੀ ਸਮੀਰ ਸ਼ਰਮਾ ਨੇ ਕਿਹਾ, 'ਇਮਾਰਤ ਵਿਚ ਬਚਾਅ ਕਾਰਜ ਅਜੇ ਪੂਰਾ ਨਹੀਂ ਹੋਇਆ ਹੈ। ਹੋ ਸਕਦਾ ਹੈ ਕਿ ਇੱਥੇ ਕੁਝ ਹੋਰ ਲਾਸ਼ਾਂ ਮਿਲ ਸਕਦੀਆਂ ਹਨ। ਹੁਣ ਤੱਕ ਜਿਹੜੀਆਂ ਲਾਸ਼ਾਂ ਮਿਲੀਆਂ ਹਨ, ਉਹ ਅਜਿਹੀ ਹਾਲਤ ਵਿਚ ਹਨ ਕਿ ਉਹਨਾਂ ਦੀ ਪਛਾਣ ਕਰਨਾ ਮੁਸ਼ਕਲ ਹੈ। ਇਸ ਲਈ ਪੁਲਿਸ ਫੋਰੈਂਸਿਕ ਟੀਮ ਦੀ ਮਦਦ ਲਵੇਗੀ। ਲਾਪਤਾ ਲੋਕਾਂ ਨਾਲ ਉਹਨਾਂ ਦੇ ਸੈਂਪਲ ਮੈਚ ਕਰਵਾਏ ਜਾਣਗੇ ਤਾਂ ਜੋ ਮ੍ਰਿਤਕਾਂ ਦੀ ਪਛਾਣ ਹੋ ਸਕੇ।

Delhi Fire Incident

ਦਿੱਲੀ ਪੁਲਿਸ ਨੇ ਦੱਸਿਆ ਕਿ ਮੈਟਰੋ ਸਟੇਸ਼ਨ ਦੇ ਪਿਲਰ 544 ਦੇ ਕੋਲ ਬਣੀ ਇਹ ਇਮਾਰਤ 3 ਮੰਜ਼ਿਲਾ ਕਮਰਸ਼ੀਅਲ ਇਮਾਰਤ ਹੈ, ਜੋ ਕਿ ਕੰਪਨੀਆਂ ਨੂੰ ਦਫ਼ਤਰੀ ਥਾਂ ਵਜੋਂ ਕਿਰਾਏ 'ਤੇ ਦਿੱਤੀ ਜਾਂਦੀ ਹੈ। ਇਸ ਇਮਾਰਤ ਦੀ ਕੋਈ ਫਾਇਰ ਐਨਓਸੀ ਨਹੀਂ ਸੀ। ਪੁਲਿਸ ਨੇ ਇਮਾਰਤ ਦੇ ਮਾਲਕ ਹਰੀਸ਼ ਗੋਇਲ, ਵਰੁਣ ਗੋਇਲ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਇਕ ਸੀਸੀਟੀਵੀ ਫੈਕਟਰੀ ਅਤੇ ਗੋਦਾਮ ਹੈ। ਇੱਥੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੀ ਇਮਾਰਤ ਅੱਗ ਦੀ ਲਪੇਟ ਵਿਚ ਆ ਗਈ।

Delhi Fire Incident

ਫੈਕਟਰੀ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਕੰਮ ਕਰ ਰਹੇ ਸਨ। ਬਚਾਅ ਕਾਰਜ ਜਲਦੀ ਸ਼ੁਰੂ ਨਹੀਂ ਹੋ ਸਕਿਆ ਕਿਉਂਕਿ ਇਮਾਰਤ ਦੇ ਅੰਦਰ ਜਾਣ ਅਤੇ ਬਾਹਰ ਜਾਣ ਦਾ ਰਸਤਾ ਇਕੋ ਸੀ। ਕਾਫੀ ਭੀੜ-ਭੜੱਕੇ ਵਾਲੀ ਥਾਂ ਹੋਣ ਕਾਰਨ ਬਚਾਅ ਕਾਰਜ 'ਚ ਕਾਫੀ ਦਿੱਕਤ ਆਈ। ਜ਼ਮੀਨੀ ਮੰਜ਼ਿਲ ਤੋਂ ਇਲਾਵਾ ਇਮਾਰਤ ਦੀਆਂ ਸਾਰੀਆਂ ਮੰਜ਼ਿਲਾਂ 'ਤੇ ਸਭ ਕੁਝ ਸੁਆਹ ਹੋ ਗਿਆ ਹੈ। ਦਿੱਲੀ ਫਾਇਰ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਇਮਾਰਤ ਵਿਚ ਕਾਫੀ ਸਾਮਾਨ ਸੀ। ਇਸ ਕਾਰਨ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਲ ਆਈ। ਇਮਾਰਤ ਦੀਆਂ ਤਿੰਨ ਮੰਜ਼ਿਲਾਂ ਵਿਚੋਂ ਦੋ ਦੀ ਤਲਾਸ਼ੀ ਪੂਰੀ ਕਰ ਲਈ ਗਈ ਹੈ।

Tweet

ਵੱਖ-ਵੱਖ ਆਗੂਆਂ ਨੇ ਪ੍ਰਗਟਾਇਆ ਦੁੱਖ

ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਕਈ ਆਗੂਆਂ ਨੇ ਅੱਗ ਕਾਰਨ ਹੋਏ ਜਾਨੀ ਨੁਕਸਾਨ 'ਤੇ ਦੁੱਖ ਜਤਾਇਆ ਹੈ।

Tweet

ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ, ''ਦਿੱਲੀ ਅੱਗ ਦੀ ਘਟਨਾ 'ਚ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।'' ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚੋਂ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਲਗਾਤਾਰ ਅਧਿਕਾਰੀਆਂ ਦੇ ਸੰਪਰਕ 'ਚ ਹਨ।