ਗੁਰੂਗ੍ਰਾਮ ਵਿਖੇ ਸੁਸਾਇਟੀ 'ਚ ਲੱਗੀ ਭਿਆਨਕ ਅੱਗ, 6 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ
ਸ਼ਾਰਟ ਸਰਕਟ ਕਾਰਨ ਲੱਗੀ ਸੀ ਬਜ਼ੁਰਗ ਜੋੜੇ ਦੇ ਘਰ ਵਿਚ ਅੱਗ
ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਇਕ ਸੁਸਾਇਟੀ ਦੀ 10ਵੀਂ ਅਤੇ 11ਵੀਂ ਮੰਜ਼ਿਲ 'ਤੇ ਸਥਿਤ ਇਕ ਫਲੈਟ 'ਚ ਭਿਆਨਕ ਅੱਗ ਲੱਗ ਗਈ। ਇਸ ਵਿੱਚ 6 ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਪਹਿਲਾਂ ਸੁਸਾਇਟੀ ਦਾ ਸਾਰਾ ਟਾਵਰ ਖ਼ਾਲੀ ਕਰਵਾ ਲਿਆ ਗਿਆ ਸੀ। ਅੱਗ ਬੁਝਾਉਣ ਵਿਚ ਲੱਗਾ ਫਾਇਰ ਬ੍ਰਿਗੇਡ ਕਰਮਚਾਰੀ ਵੀ ਧੂੰਏਂ ਕਾਰਨ ਬੇਹੋਸ਼ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜੇਕਰ ਫਾਇਰ ਬ੍ਰਿਗੇਡ ਮੌਕੇ 'ਤੇ ਨਾ ਪਹੁੰਚਦੀ ਤਾਂ ਦਿੱਲੀ ਦੇ ਮੁੰਡਕਾ ਵਰਗਾ ਹਾਦਸਾ ਵਾਪਰ ਸਕਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਸੈਕਟਰ-52 ਸਥਿਤ ਸੀਜੀਐਚਐਸ ਸੁਸਾਇਟੀ ਦੀ 10ਵੀਂ ਅਤੇ 11ਵੀਂ ਮੰਜ਼ਿਲ 'ਤੇ ਸਥਿਤ ਫਲੈਟ 'ਚ ਸ਼ੁੱਕਰਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਬਜ਼ੁਰਗ ਜੋੜੇ ਦੇ ਫਲੈਟ 'ਚ ਲੱਗੀ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਵਧਦੀਆਂ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਜਿਸ ਸੁਸਾਇਟੀ ਵਿੱਚ ਅੱਗ ਲੱਗੀ ਉਸ ਦਾ ਟਾਵਰ ਪੂਰੀ ਤਰ੍ਹਾਂ ਨਾਲ ਖ਼ਾਲੀ ਕਰਵਾ ਲਿਆ ਗਿਆ। ਇਸ ਦੌਰਾਨ ਪਤਾ ਲੱਗਾ ਕਿ 10ਵੀਂ ਮੰਜ਼ਿਲ 'ਤੇ ਅੱਗ ਲੱਗਣ ਕਾਰਨ 6 ਲੋਕ ਫਸੇ ਹੋਏ ਹਨ।
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਦੇ ਧੂੰਏਂ ਦੇ ਵਿਚਕਾਰ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਦੁਪਹਿਰ 2 ਵਜੇ ਤੱਕ ਅੱਗ 'ਤੇ ਵੀ ਕਾਬੂ ਪਾ ਲਿਆ। ਗੁਰੂਗ੍ਰਾਮ ਦੇ ਫਾਇਰ ਅਫ਼ਸਰ ਨਰਿੰਦਰ ਯਾਦਵ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖੁਲਾਸਾ ਹੋਇਆ ਹੈ। 6 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸ ਦੇਈਏ ਕਿ ਧੂੰਏਂ ਕਾਰਨ ਇੱਕ ਫਾਇਰ ਫਾਈਟਰ ਵੀ ਬੇਹੋਸ਼ ਹੋ ਗਿਆ। ਅਧਿਕਾਰੀ ਅਨੁਸਾਰ ਚੰਗੀ ਗੱਲ ਇਹ ਰਹੀ ਕਿ ਸੁਸਾਇਟੀ ਵਿੱਚ ਫਾਇਰ ਫਾਈਟਿੰਗ ਸਿਸਟਮ ਚਾਲੂ ਸੀ, ਜਿਸ ਕਾਰਨ ਅੱਗ ਬੁਝਾਉਣ ਵਿੱਚ ਲੱਗੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਣੀ ਖਤਮ ਹੋਣ ’ਤੇ ਤੁਰੰਤ ਪਾਣੀ ਭਰ ਲਿਆ ਅਤੇ ਅੱਗ ਬੁਝਾਉਣ ਵਿਚ ਵੱਡੀ ਸਹਾਇਤਾ ਮਿਲੀ ਹੈ।