ਗੁਜਰਾਤ: ਅਮਰੇਲੀ ਵਿਚ ਆਦਮਖੋਰ ਚੀਤੇ ਨੇ ਦੋ ਸਾਲ ਦੇ ਬੱਚੇ ਦੀ ਲਈ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੇਲੀ 'ਚ ਇਕ ਹਫਤੇ 'ਚ ਜੰਗਲੀ ਜਾਨਵਰਾਂ ਵਲੋਂ ਬੱਚਿਆਂ 'ਤੇ ਹਮਲਾ ਕਰਨ ਦੀ ਇਹ ਤੀਜੀ ਘਟਨਾ ਹੈ

photo

 

ਅਮਰੇਲੀ : ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਚੀਤੇ ਦੇ ਹਮਲੇ 'ਚ ਦੋ ਸਾਲਾ ਬੱਚੇ ਦੀ ਮੌਤ ਹੋ ਗਈ। ਇਕ ਜੰਗਲਾਤ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

ਅਮਰੇਲੀ 'ਚ ਇਕ ਹਫਤੇ 'ਚ ਜੰਗਲੀ ਜਾਨਵਰਾਂ ਵਲੋਂ ਬੱਚਿਆਂ 'ਤੇ ਹਮਲਾ ਕਰਨ ਦੀ ਇਹ ਤੀਜੀ ਘਟਨਾ ਹੈ।

ਤਾਜ਼ਾ ਘਟਨਾ ਸ਼ਨੀਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਬੱਚਾ ਰਾਜੂਲਾ ਰੇਂਜ ਫੋਰੈਸਟ ਅਧੀਨ ਪੈਂਦੇ ਪਿੰਡ ਕਟਾਰ ਵਿਖੇ ਇੱਕ ਝੌਂਪੜੀ ਵਿਚ ਅਪਣੇ ਪਰਿਵਾਰਕ ਮੈਂਬਰਾਂ ਨਾਲ ਸੌਂ ਰਿਹਾ ਸੀ।

ਜੰਗਲਾਤ ਅਧਿਕਾਰੀ ਨੇ ਦਸਿਆ ਕਿ ਚੀਤੇ ਨੇ ਬੱਚੇ ਨੂੰ ਗਲੇ ਤੋਂ ਫੜ ਲਿਆ ਅਤੇ ਨੇੜੇ ਦੀਆਂ ਝਾੜੀਆਂ ਵਿਚ ਘਸੀਟ ਕੇ ਲੈ ਗਿਆ। ਬੱਚੇ ਦੇ ਰਿਸ਼ਤੇਦਾਰਾਂ ਨੇ ਰੌਲਾ ਪਾਇਆ ਤਾਂ ਤੇਂਦੁਆ ਬੱਚੇ ਨੂੰ ਛੱਡ ਕੇ ਭੱਜ ਗਿਆ।

ਉਨ੍ਹਾਂ ਦਸਿਆ ਕਿ ਬੱਚੇ ਦੀ ਗਰਦਨ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਨੇੜਲੇ ਪਿੰਡ ਮਹੂਵਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਅਧਿਕਾਰੀ ਨੇ ਦਸਿਆ ਕਿ ਜੰਗਲਾਤ ਵਿਭਾਗ ਨੇ ਆਦਮਖੋਰ ਚੀਤੇ ਨੂੰ ਫੜਨ ਲਈ ਇਲਾਕੇ ਵਿਚ ਪਿੰਜਰੇ ਲਗਾਏ ਹਨ।

ਪਿਛਲੇ ਸੋਮਵਾਰ ਨੂੰ ਜ਼ਿਲ੍ਹੇ ਦੇ ਸਾਵਰਕੁੰਡਲਾ ਤਾਲੁਕ ਦੇ ਕਰਜਲਾ ਪਿੰਡ ਵਿਚ ਚੀਤੇ ਦੇ ਹਮਲੇ ਵਿਚ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਮੰਗਲਵਾਰ ਨੂੰ ਅਮਰੇਲੀ ਦੇ ਲੀਲੀਆ ਤਾਲੁਕ ਦੇ ਖਾਰਾ ਪਿੰਡ ਦੇ ਕੋਲ ਇੱਕ ਪੰਜ ਮਹੀਨੇ ਦੇ ਬੱਚੇ ਨੂੰ ਇੱਕ ਬਾਘ ਨੇ ਮਾਰ ਦਿਤਾ ਜਦੋਂ ਉਹ ਅਪਣੇ ਪਰਿਵਾਰ ਨਾਲ ਖੁੱਲ੍ਹੇ ਵਿੱਚ ਸੌਂ ਰਿਹਾ ਸੀ।