IMD Monsoon : ਮਾਨਸੂਨ ਨੂੰ ਲੈ ਕੇ IMD ਦਾ ਤਾਜ਼ਾ ਅਪਡੇਟ ਆਇਆ ਸਾਹਮਣੇ, 19 ਮਈ ਨੂੰ ਐਂਟਰੀ ਹੋਣ ਦੀ ਭਵਿੱਖਬਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਈਐਮਡੀ ਦਾ ਕਹਿਣਾ ਹੈ ਕਿ ਮਾਨਸੂਨ 19 ਮਈ ਤੱਕ ਦੱਖਣੀ ਅੰਡੇਮਾਨ ਸਾਗਰ, ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਦਾਖਲ ਹੋ ਸਕਦਾ ਹੈ

Monsoon 2024

IMD Monsoon Update: ਕਿਤੇ ਮੀਂਹ ਅਤੇ ਕਿਤੇ ਭਿਆਨਕ ਗਰਮੀ ਦੇ ਵਿਚਕਾਰ ਮਾਨਸੂਨ ਨੂੰ ਲੈ ਕੇ ਚੰਗੀ ਖ਼ਬਰ ਮਿਲੀ ਹੈ। ਭਾਰਤੀ ਮੌਸਮ ਵਿਭਾਗ (IMD) ਦਾ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ 19 ਮਈ ਨੂੰ ਦੇਸ਼ ਵਿੱਚ ਐਂਟਰੀ ਕਰ ਸਕਦਾ ਹੈ। ਆਈਐਮਡੀ ਦਾ ਕਹਿਣਾ ਹੈ ਕਿ ਮਾਨਸੂਨ 19 ਮਈ ਤੱਕ ਦੱਖਣੀ ਅੰਡੇਮਾਨ ਸਾਗਰ, ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਦਾਖਲ ਹੋ ਸਕਦਾ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਦੇ ਅਨੁਸਾਰ ਦੱਖਣ-ਪੱਛਮੀ ਭਾਰਤ ਵਿੱਚ ਮਾਨਸੂਨ ਦੇ ਇਸ ਸਾਲ 2 ਤੋਂ 3 ਦਿਨ ਪਹਿਲਾਂ ਪਹੁੰਚਣ ਦੀ ਸੰਭਾਵਨਾ ਹੈ। ਪੋਰਟ ਬਲੇਅਰ ਵਿੱਚ ਆਮ ਤੌਰ 'ਤੇ 20 ਮਈ ਦੇ ਆਸਪਾਸ ਮਾਨਸੂਨ ਦੀ ਐਂਟਰੀ ਹੁੰਦੀ ਹੈ। ਦੱਖਣ-ਪੱਛਮੀ ਭਾਰਤ ਵਿੱਚ ਇਹ 22 ਮਈ ਦੇ ਆਸਪਾਸ ਐਂਟਰੀ ਕਰਦਾ ਹੈ ਪਰ ਇਸ ਵਾਰ ਮਾਨਸੂਨ 17 ਮਈ ਤੱਕ ਪੋਰਟ ਬਲੇਅਰ 'ਚ  ਆ ਜਾਵੇਗਾ। ਇਸ ਤੋਂ ਬਾਅਦ ਇਹ ਦੱਖਣ-ਪੱਛਮੀ ਭਾਰਤ ਵਿੱਚ ਦਾਖਲ ਹੋਵੇਗਾ, ਜਿਸ ਕਾਰਨ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

 ਕੇਰਲ ਅਤੇ ਬਾਕੀ ਭਾਰਤ ਵਿੱਚ ਮਾਨਸੂਨ ਕਦੋਂ ਆਵੇਗਾ?

ਆਈਐਮਡੀ ਦੇ ਅਨੁਸਾਰ ਅਗਲੇ 7 ਦਿਨ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮਾਨਸੂਨ 1 ਜੂਨ ਤੱਕ ਕੇਰਲ ਵਿੱਚ ਦਾਖਲ ਹੋਵੇਗਾ। ਇਸ ਤੋਂ ਬਾਅਦ 15 ਜੁਲਾਈ ਤੱਕ ਉੱਤਰ ਭਾਰਤ ਪਹੁੰਚੇਗਾ। 15 ਸਤੰਬਰ ਤੱਕ ਮਾਨਸੂਨ ਦੀ ਵਾਪਸੀ ਹੋਵੇਗੀ। ਮਾਨਸੂਨ ਦਾ ਅਸਰ ਪੂਰੇ ਭਾਰਤ ਵਿੱਚ 1 ਜੂਨ ਤੋਂ 15 ਸਤੰਬਰ ਤੱਕ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਇਸ ਸਾਲ ਆਮ ਨਾਲੋਂ ਵੱਧ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਆਈਐਮਡੀ ਮੁਤਾਬਕ ਦੇਸ਼ ਦੇ 20 ਤੋਂ ਵੱਧ ਰਾਜਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਦੱਖਣੀ ਕਰਨਾਟਕ ਦੇ ਉਪਰ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ। ਇਸ ਕਾਰਨ ਅਗਲੇ 5 ਦਿਨਾਂ ਤੱਕ ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਮੱਧ ਮਹਾਰਾਸ਼ਟਰ, ਮਰਾਠਵਾੜਾ ਵਿੱਚ ਮੌਸਮ ਖਰਾਬ ਰਹੇਗਾ। ਗਰਜ, ਬਿਜਲੀ ਅਤੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।